ਚੰਡੀਗੜ੍ਹ , ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡਰੱਗ ਕੇਸ ਵਿੱਚੋਂ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਮਲੇ ਤੇਜ਼ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ 25 ਲੱਖ ਰੁਪਏ ਖਰਚ ਕਰ ਕੇ ਸੁਪਰੀਮ ਕੋਰਟ ਵਿੱਚ ਉਸ ਵਿਰੁੱਧ ਵਕੀਲ ਖੜ੍ਹਾ ਕੀਤਾ ਸੀ ਤਾਂ ਜੋ ਰਾਹਤ ਨਾ ਮਿਲ ਸਕੇ।
ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਉਸ ਨੂੰ ਫਸਾਉਣ ਵਿੱਚ ਪੰਜਾਬ ਦੇ ਇਕ ਆਈਏਐਸ ਅਧਿਕਾਰੀ ਦਾ ਵੀ ਹੱਥ ਹੈ ਅਤੇ ਬਰਖਾਸਤ ਪੀਸੀਐਸ ਅਧਿਕਾਰੀ ਟੀ.ਕੇ. ਗੋਇਲ ਕੋਲ ਪੈਂਤੀ ਲੱਖ ਰੁਪਏ ਰਿਸ਼ਵਤ ਦੇਣ ਦੇ ਮਾਮਲੇ ਦੀ ਡੇਢ ਘੰਟੇ ਦੀ ਆਡੀਓ ਸੀਡੀ ਮੌਜੂਦ ਹੈ, ਜਿਸ ਰਾਹੀਂ ਇਸ ਰਾਸ਼ੀ ਦਾ ਪ੍ਰਬੰਧ ਕਰਨ ਵਾਲੇ ਨੂੰ ਵੀ ਬੇਨਕਾਬ ਕੀਤਾ ਜਾਵੇਗਾ। ਅੱਜ ਇੱਥੇ ਪੰਜਾਬ ਭਵਨ ਵਿੱਚ ਆਮ ਆਦਮੀ ਪਾਰਟੀ (ਆਪ) ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਸਮੇਤ ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਹੋਈ ਮੀਟਿੰਗ ਤੋਂ ਬਾਅਦ ਸ੍ਰੀ ਖਹਿਰਾ ਨੇ ਇਹ ਪ੍ਰੈੱਸ ਕਾਨਫਰੰਸ ਕੀਤੀ। ਇਸ ਤੋਂ ਪਹਿਲਾਂ ਸ੍ਰੀ ਮਾਨ ਅਤੇ ਸ੍ਰੀ ਖਹਿਰਾ ਨੇ ਇਕ ਦੂਜੇ ਨੂੰ ਲੱਡੂ ਖੁਆਏ। ਇਹ ਸ਼ਾਇਦ ਆਪਸੀ ਸਿਆਸੀ ਕੁੜੱਤਣ ਦੂਰ ਕਰਨ ਦਾ ਯਤਨ ਸੀ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਵਿਰੁੱਧ ਜਦੋਂ ਤੋਂ ਅਦਾਲਤ ਨੇ ਡਰੱਗ ਦੇ ਮੁੱਦੇ ਉਪਰ ਸੰਮਨ ਜਾਰੀ ਕੀਤਾ ਹੈ, ਉਸ ਦਿਨ ਤੋਂ ਇਹ ਦੋਵੇਂ ਆਗੂ ਇਕ ਸਟੇਜ ’ਤੇ ਨਹੀਂ ਆਏ।
ਪ੍ਰੈੱਸ ਕਾਨਫਰੰਸ ਵਿੱਚ ਸ੍ਰੀ ਖਹਿਰਾ ਨੇ ਕਿਹਾ ਕਿ ਕੈਪਟਨ ਨੇ ਆਡੀਓ ਪ੍ਰਤੀ ਵਿਧਾਨ ਸਭਾ ਵਿੱਚ ਨਿੰਦਾ ਮਤਾ ਪਾਸ ਕਰਵਾ ਕੇ ਉਨ੍ਹਾਂ (ਖਹਿਰਾ ਤੇ ਬੈਂਸ ਭਰਾਵਾਂ) ਨੂੰ ਨਿਆਂਪਾਲਿਕਾ ਦੇ ਦੁਸ਼ਮਣ ਦੱਸ ਕੇ ਦਲਾਲਾਂ ਦੀ ਤਰਫ਼ਦਾਰੀ ਕੀਤੀ ਹੈ। ਉਨ੍ਹਾਂ ਧਮਕੀ ਦਿੱਤੀ ਕਿ ਜੇ ਚੰਡੀਗੜ੍ਹ ਪੁਲੀਸ ਨੇ ਆਡੀਓ ਸੀਡੀ ਬਾਬਤ ਤੁਰੰਤ ਐਫਆਈਆਰ ਦਰਜ ਨਾ ਕੀਤੀ ਤਾਂ ਉਹ ਹਾਈ ਕੋਰਟ ਦਾ ਕੁੰਡਾ ਖੜਕਾਉਣਗੇ। ਇਸ ਮੌਕੇ ਸ੍ਰੀ ਖਹਿਰਾ ਨੇ 29 ਨਵੰਬਰ ਨੂੰ ਕੈਪਟਨ ਵਿਰੁੱਧ ਵਰਤੇ ਅਪਸ਼ਬਦ ਵਾਪਸ ਲੈ ਲਏ ਪਰ ਨਾਲ ਹੀ ਕਿਹਾ ਕਿ ਅਰੂਸਾ ਆਲਮ ਵਿਰੁੱਧ ਵਰਤੀ ਸ਼ਬਦਾਵਲੀ ਉਹ ਵਾਪਸ ਨਹੀਂ ਲੈਣਗੇ। ਵਿਰੋਧੀ ਧਿਰ ਦੇ ਆਗੂ ਨੇ ਕਾਂਗਰਸ ਅਤੇ ਅਕਾਲੀ ਦਲ ਵਿਰੁੱਧ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ ਕਿ ਉਹ ਅਜਿਹੇ ਲੋਕਾਂ ਤੋਂ ਮੁਆਫ਼ੀ ਨਹੀਂ ਮੰਗਣਗੇ। ਉਨ੍ਹਾਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਵੀ ਸਖ਼ਤ ਸ਼ਬਦਾਵਲੀ ਵਰਤੀ। ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਪੂਰੀ ਹਮਾਇਤ ਹੈ। ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਵਿੱਚ ਕੈਪਟਨ ਵਿਰੁੱਧ ਦਰਜ ਕੇਸ ਬੰਦ ਕਰਨ ਦੀ ਪ੍ਰਕਿਰਿਆ ਵਿਰੁੱਧ ਡਟ ਕੇ ਖੜ੍ਹਨਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੁਧਿਆਣਾ ਨੂੰ ਛੱਡ ਕੇ ਤਿੰਨ ਹੋਰ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਰਹੇ ਹਨ। ਭਗਵੰਤ ਮਾਨ ਨੇ ਇਸ ਮੌਕੇ ਦੱਸਿਆ ਕਿ ਪਾਰਟੀ ਨਿਗਮ ਚੋਣਾਂ ਡਟ ਕੇ ਲੜੇਗੀ ਅਤੇ ਉਮੀਦਵਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਵਿੱਚ ਵੀ ਹਾਈ ਕਮਾਂਡ ਦਾ ਕੋਈ ਦਖ਼ਲ ਨਹੀਂ ਹੈ ਅਤੇ ਪੰਜਾਬ ਦੀ ਲੀਡਰਸ਼ਿਪ ਆਪਣੇ ਪੱਧਰ ’ਤੇ ਚੋਣ ਲੜ ਰਹੀ ਹੈ।
ਪਾਰਟੀ ਦੇ ਵਿਧਾਇਕ ਤੇ ਸੂਬਾਈ ਮੀਤ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਨਿਗਮ ਚੋਣਾਂ ਲਈ ਸਥਾਨਕ ਆਗੂਆਂ ਦੀਆਂ ਸਕਰੀਨਿੰਗ ਕਮੇਟੀਆਂ ਪਹਿਲਾਂ ਹੀ ਬਣਾਈਆਂ ਜਾ ਚੁੱਕੀਆਂ ਹਨ ਅਤੇ ਇਹ ਕਮੇਟੀਆਂ ਉਮੀਦਵਾਰ ਦੀ ਚੋਣ ਕਰਨਗੀਆਂ। ਇਸ ਮੌਕੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਾਸਟਰ ਬਲਦੇਵ ਸਿੰਘ, ਮੀਤ ਹੇਅਰ, ਅਮਰਜੀਤ ਸਿੰਘ