ਨਵੀਂ ਦਿੱਲੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਅਤੇ ਕਣਕ ਦੀ ਖਰੀਦ ਲਈ 31000 ਕਰੋੜ ਰੁਪਏ ਦੇ ਅਨਾਜ ਖਾਤੇ ਦੇ ਨਿਪਟਾਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਕੀਤੀ ਹੈ, ਜੋ ਪਿਛਲੀ ਸੂਬਾ ਸਰਕਾਰ ਨੇ ਗਲਤ ਤਰੀਕੇ ਨਾਲ ਆਪਣੇ ਸਿਰ ਲੈ ਲਿਆ ਸੀ। ਮੁੱਖ ਮੰਤਰੀ ਨੇ ਇਹ ਮੁੱਦਾ ਅੱਜ ਪ੍ਰਧਾਨ ਮੰਤਰੀ ਨਾਲ ਹੋਈ ਇਕ ਮੀਟਿੰਗ ਦੌਰਾਨ ਉਠਾਇਆ।
31000 ਕਰੋੜ ਰੁਪਏ ਦੀ ਰਾਸ਼ੀ ’ਚ 12 ਹਜ਼ਾਰ ਕਰੋੜ ਰੁਪਏ ਮੂਲ ਰਕਮ ਅਤੇ 19000 ਕਰੋੜ ਰੁਪਏ ਵਿਆਜ ਹੋਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 2003-2004 ਤੋਂ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਲਈ ਸੂਬਾ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਨਾਲ ਇਹ ਰਾਸ਼ੀ ਸਬੰਧਤ ਹੈ ਜਿਸ ਦੇ ਖਾਤਿਆਂ ਨੂੰ ਨਿਪਟਾਇਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਮੁੱਦਾ ਕੇਂਦਰੀ ਵਿੱਤ ਮੰਤਰਾਲੇ ਕੋਲ ਪੈਂਡਿੰਗ ਹੈ। ਸੂਬਾ ਪਹਿਲਾਂ ਹੀ 324 ਕਰੋੜ ਰੁਪਏ ਦੇ ਸਾਲਾਨਾ ਵਿਆਜ ਦੇ ਭੁਗਤਾਨ ਦੀ ਦੇਣਦਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੁੱਲ ਭੁਗਤਾਨ 65000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
ਉਨ੍ਹਾਂ ਪੰਜਾਬ ਦੇ ਸਰਹੱਦੀ ਇਲਾਕੇ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਮੰਗ ਦੁਹਰਾਈ। ਉਨ੍ਹਾਂ ਸਰਹੱਦੀ ਇਲਾਕਾ ਵਿਕਾਸ ਫੰਡ ਦੀ ਵੰਡ ਬਾਰੇ ਮਾਪਦੰਡ ਪੰਜਾਬ ਦੇ ਹੱਕ ਵਿਚ ਨਾ ਹੋਣ ਦੀ ਗੱਲ ਆਖੀ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਕੇਂਦਰੀ ਵਿੱਤੀ ਸਹਾਇਤਾ ਲਈ ਵੀ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ। ਉਨ੍ਹਾਂ ਦੱਸਿਆ ਕਿ 2145 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਯਾਦ ਪੱਤਰ ਪਹਿਲਾਂ ਹੀ ਸੂਬਾ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜਿਆ ਜਾ ਚੁੱਕਾ ਹੈ । ਉਨ੍ਹਾਂ ਅਪੀਲ ਕੀਤੀ ਕਿ ਇਸ ਯਾਦਗਾਰੀ ਸਮਾਗਮ ਲਈ ਕੌਮੀ ਪੱਧਰ ’ਤੇ ਪ੍ਰਬੰਧਕੀ ਕਮੇਟੀ ਦਾ ਗਠਨ ਕੀਤਾ ਜਾਵੇ। ਉਨ੍ਹਾਂ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਮਨਾਉਣ ਅਤੇ ਇਸ ਯਾਦਗਾਰ ਦੇ ਆਲੇ -ਦੁਆਲੇ ਦੀਆਂ ਥਾਵਾਂ ਅਤੇ ਅੰਮਿ੍ਤਸਰ ਵਿੱਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ 100 ਕਰੋੜ ਰੁਪਏ ਦੀ ਗ੍ਰਾਂਟ ਦੇਣ ਦੀ ਅਪੀਲ ਕੀਤੀ।
ਕਿਸਾਨਾਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਲਈ ਸਾਰਾ ਫੰਡ ਕੇਂਦਰ ਵੱਲੋਂ ਮੁਹੱਈਆ ਕਰਵਾਏ ਜਾਣ ਦੇ ਨਾਲ ਨਾਲ ਕੌਮੀ ਕਰਜ਼ਾ ਮੁਆਫ਼ੀ ਸਕੀਮ ਦੀ ਅਪੀਲ ਦੁਹਰਾਈ।