ਚੰਡੀਗੜ੍ਹ, 18 ਜਨਵਰੀ,ਪੰਜਾਬ ਸਰਕਾਰ ਲਈ ਭਲਕ ਦਾ ਦਿਨ ਬਹੁਤ ਹੀ ਅਹਿਮ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਹੈ, ਜਿਸ ’ਚ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਦੀ ਸਮੀਖਿਆ ਤੋਂ ਇਲਾਵਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਸਮੇਤ ਤਿੰਨ ਚਾਰ ਅਹਿਮ ਫੈ਼ਸਲੇ ਲਏ ਜਾਣਗੇ। ਦਸ ਮਹੀਨੇ ਪੁਰਾਣੀ ਕੈਪਟਨ ਸਰਕਾਰ ਨੂੰ ਕਈ ਸੰਕਟਾਂ ਨਾਲ ਜੂਝਣਾ ਪੈ ਰਿਹਾ ਹੈ। ਰਾਣਾ ਗੁਰਜੀਤ ਮਾਮਲੇ ਬਾਅਦ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਹਟਾਉਣ ਦੇ ਦਿੱਤੇ ਹੁਕਮਾਂ ਕਾਰਨ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਭਾਵੇਂ ਭਲਕੇ ਮੀਟਿੰਗ ’ਚ ਸੂਬਾਈ ਸਰਕਾਰ ਦੇ ਕੰਮ-ਕਾਜ ਤੇ ਚੋਣਾਂ ’ਚ ਕੀਤੇ ਵਾਅਦਿਆਂ ਖਾਸ ਤੌਰ ’ਤੇ
ਕਰਜ਼ਾ ਮੁਆਫੀ ਯੋਜਨਾ ਦੀ ਸਮੀਖਿਆ ਕੀਤੀ ਜਾਣੀ ਹੈ ਪਰ ਸੂਬੇ ਦੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਅਸਤੀਫੇ ਦਾ ਮੁੱਦਾ ਛਾਇਆ ਰਹਿਣ ਦੀ ਸੰਭਾਵਨਾ ਹੈ। ਰਾਣਾ ਦੇ ਅਸਤੀਫੇ ਬਾਰੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ। ਹਾਈਕਮਾਂਡ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਅਸਤੀਫਾ ਪ੍ਰਵਾਨ ਹੋਵੇਗਾ ਕਿਉਂਕਿ ਇਸ ਦੀ ਸ਼ੁਰੂਆਤ ਹੀ ਦਿੱਲੀ ਤੋਂ ਹੋਈ ਹੈ। ਪਰ ਦੂਜੀ ਰਾਇ ਹੈ ਕਿ ਇਸ ਨਾਲ ਵਿਰੋਧੀ ਪਾਰਟੀਆਂ ਨੂੰ ਕੈਪਟਨ ਸਰਕਾਰ ’ਤੇ ਹਮਲੇ ਲਈ ਹਥਿਆਰ ਮਿਲ ਜਾਵੇਗਾ ਅਤੇ ਇਹ ਮਾਮਲਾ ਅਸਤੀਫਾ ਪ੍ਰਵਾਨ ਕੀਤੇ ਜਾਣ ਤਕ ਸੀਮਤ ਨਹੀਂ ਰਹੇਗਾ।
ਇਸ ਮੀਟਿੰਗ ’ਚ ਪਾਰਦਰਸ਼ੀ ਪ੍ਰਸ਼ਾਸਨ ਦੇ ਨਾਲ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵੀ ਚਰਚਾ ਹੋਣ ਦੇ ਆਸਾਰ ਹਨ। ਪੰਜਾਬ ਵਜ਼ਾਰਤ ’ਚ ਵਾਧੇ ਬਾਰੇ ਵੀ ਚਰਚਾ ਕੀਤੀ ਜਾਵੇਗੀ। ਵਜ਼ੀਰ ਬਣਨ ਦੇ ਚਾਹਵਾਨ ਵਿਧਾਇਕ ਵਜ਼ਾਰਤ ਵਿੱਚ ਛੇਤੀ ਵਾਧੇ ਲਈ ਯਤਨਸ਼ੀਲ ਹਨ। ਇਸ ਮੀਟਿੰਗ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਵੀ ਸ਼ਾਮਲ ਹੋਣਗੇ।
ਮੇਅਰਾਂ ਦੀ ਚੋਣ ਨਿਗਰਾਨਾਂ ’ਤੇ ਛੱਡੀ
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪ੍ਰਦੇਸ਼ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਨਾਲ ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਜਿਹੜੇ ਤਿੰਨ ਮੰਤਰੀਆਂ ਨੂੰ ਨਗਰ ਨਿਗਮਾਂ ਦੀਆਂ ਚੋਣਾਂ ਸਮੇਂ ਨਿਗਰਾਨ ਲਾਇਆ ਸੀ, ਉਨ੍ਹਾਂ ਨੂੰ ਮੁੜ ਨਿਗਰਾਨ ਵਜੋਂ ਭੇਜਿਆ ਜਾਵੇ ਅਤੇ ਉਹ ਕੌਸਲਰਾਂ ਨਾਲ ਸਲਾਹ ਮਸ਼ਵਰਾ ਕਰਕੇ ਮੇਅਰਾਂ ਦੀ ਚੋਣ ਕਰਵਾਉਣ। ਨਿਗਮ ਚੋਣਾਂ ਸਮੇਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅੰਮ੍ਰਿਤਸਰ, ਸਾਧੂ ਸਿੰਘ ਧਰਮਸੋਤ ਪਟਿਆਲਾ ਅਤੇ ਅਰੁਣਾ ਚੌਧਰੀ ਜਲੰਧਰ ਦੇ ਨਿਗਰਾਨ ਸਨ। ਹੁਣ ਉਹ ਨਿਗਰਾਨ ਵਜੋਂ ਇਨ੍ਹਾਂ ਨਿਗਮਾਂ ਦੇ ਮੇਅਰਾਂ ਦੀ ਚੋਣ ਕਰਾਉਣਗੇ। ਮੇਅਰ ਬਣਨ ਲਈ ਅੰਮ੍ਰਿਤਸਰ ਦੇ ਕਈ ਕੌਂਸਲਰ ਦਿੱਲੀ ਪੁੱਜੇ ਹੋਏ ਹਨ।