ਚੰਡੀਗੜ, 7 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਇਹ ਨਿਰਦੇਸ਼ ਜਾਰੀ ਕਰਦੇ ਹੋਏ ਮਾਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਫਸਲਾਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਆਖਿਆ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਇਸ ਸਬੰਧੀ ਵਿਸ਼ੇਸ਼ ਗਿਰਦਾਵਰੀ ਕਰਨ ਲਈ ਕਿਹਾ ਹੈ।
ਬੁਲਾਰੇ ਅਨੁਸਾਰ ਭਾਵੇਂ ਕਣਕ ਦੀ ਫਸਲ ਲਈ ਸਰਦੀਆਂ ਦਾ ਇਹ ਮੀਂਹ ਲਾਭਦਾਇਕ ਹੈ ਪਰ ਗੜੇਮਾਰੀ ਕਾਰਨ ਹੋਏ ਸੰਭਾਵਤ ਨੁਕਸਾਨ ਦਾ ਅਨੁਮਾਨ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਮਾਲ ਵਿਭਾਗ ਦੇ ਸਟਾਫ ਵੱਲੋਂ ਕੀਤਾ ਜਾਵੇਗਾ। ਉਨਾਂ ਨੂੰ ਇਸ ਸਬੰਧੀ ਰਿਪੋਰਟ ਸੂਬਾ ਸਰਕਾਰ ਕੋਲ ਸਮੇਂ ਸਿਰ ਪੇਸ਼ ਕਰਨ ਲਈ ਆਖਿਆ ਹੈ।