ਨਵੀਂ ਦਿੱਲੀ, 28 ਜਨਵਰੀ

       ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਣਤੰਤਰ ਦਿਵਸ ਮੌਕੇ ਹੋਏ ਕੌਮੀ ਸਮਾਗਮ ਦੌਰਾਨ ਪੰਜਾਬ ਦੀ ਝਾਕੀ ਨੂੰ ਤੀਜਾ ਸਥਾਨ ਹਾਸਲ ਹੋਣ ‘ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵਧਾਈ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੇ ਇਤਿਹਾਸਕ ਸਾਕੇ ਨੂੰ ਪੰਜਾਬ ਦੀ ਝਾਕੀ ਜ਼ਰੀਏ ਪੁਖਤਗੀ ਨਾਲ ਦਰਸਾਉਣਾ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਟੀਮ ਵੱਲੋਂ ਅਣਥੱਕ ਯਤਨ ਕੀਤੇ ਗਏ ਅਤੇ ਝਾਕੀ ਦੁਆਰਾ ਤੀਜਾ ਸਥਾਨ ਹਾਸਲ ਕਰਨਾ ਸਮੁੱਚੇ ਸੂਬੇ ਲਈ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਝਾਕੀ ਆਪਣੇ ਆਪ ਵਿੱਚ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਅਪ੍ਰੈਲ, 2019 ਵਿੱਚ ਆ ਰਹੀ ਸ਼ਤਾਬਦੀ ਪ੍ਰਤੀ ਸਨਿਮਰ ਸ਼ਰਧਾਂਜ਼ਲੀ ਹੈ ਅਤੇ ਸੂਬੇ ਦੀ ਝਾਕੀ ਨੂੰ ਹਾਸਲ ਹੋਇਆ ਇਹ ਇਨਾਮ ਇੱਥੋਂ ਦੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਹੋਰ ਮਜ਼ਬੂਤ ਕਰਨ ਲਈ ਪ੍ਰੇਰਨਾ ਦਾ ਕੰਮ ਕਰੇਗਾ।

       ਨਵੀਂ ਦਿੱਲੀ ਵਿਖੇ ਅੱਜ ਸਵੇਰੇ ਵਿਸ਼ੇਸ਼ ਸਮਾਗਮ ਦੌਰਾਨ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਦਿੱਤੇ ਇਸ ਐਵਾਰਡ ਨੂੰ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਨੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨਾਲ ਹਾਸਲ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਸੂਬੇ ਵੱਲੋਂ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੀਆਂ ਗਣਤੰਤਰ ਦਿਵਸ ਦੀਆਂ ਝਾਕੀਆਂ 1967 ਅਤੇ 1982 ਵਿੱਚ ਤੀਜਾ ਸਥਾਨ ਹਾਸਲ ਕਰ ਚੁੱਕੀਆਂ ਹਨ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੀ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਸਬੰਧੀ ਇਸ ਝਾਕੀ ਨੂੰ ਰਾਸ਼ਟਰੀ ਟੈਬਲਿਊ ਕਮੇਟੀ ਵੱਲੋਂ ਗਣਤੰਤਰ ਦਿਵਸ ਸਮਾਗਮ ਦੌਰਾਨ ਪੇਸ਼ ਵੱਖ-ਵੱਖ ਪੇਸ਼ ਹੋਣ ਵਾਲੀਆਂ 16 ਝਾਕੀਆਂ ਵਿੱਚ ਚੁਣਿਆਂ ਗਿਆ ਸੀ। ਇਹ ਲਗਾਤਾਰ ਤੀਜਾ ਵਰ੍ਹਾ ਹੈ ਜਦੋਂ ਪੰਜਾਬ ਦੀ ਝਾਕੀ ਨੂੰ ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਲਈ ਚੁਣਿਆਂ ਗਿਆ ਹੈ। ਇਸ ਵਰ੍ਹੇ ਦੇ ਗਣਤੰਤਰ ਦਿਵਸ ਸਮਾਗਮਾਂ ਵਿੱਚ ਪੇਸ਼ ਤ੍ਰਿਪੁਰਾ ਅਤੇ ਜੰਮੂ-ਕਸ਼ਮੀਰ  ਦੀਆਂ ਝਾਕੀਆਂ ਨੂੰ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਹੋਇਆ ਹੈ।