ਲਾਂਘੇ ਦੀ ਸੇਧ ਸਬੰਧੀ ਪ੍ਰਾਜੈਕਟ ਨੂੰ ਅੰਤਿਮ ਰੂਪ ਦੇਣ ਦੀ ਕੇਂਦਰ ਨੂੰ ਅਪੀਲ
ਚੰਡੀਗੜ੍ਹ, 15 ਜਨਵਰੀ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਖੇ ਸਮਾਰੋਹਾਂ ਦੌਰਾਨ ‘ਖੁਲ੍ਹੇ ਦਰਸ਼ਨ ਦੀਦਾਰਲੂ’ ਨੂੰ ਯਕੀਨੀ ਬਣਾਉਣ ਲਈ ਕਰਤਾਰਪੁਰ ਲਾਂਘਾ ਪਾਰ ਕਰਨ ਵਾਸਤੇ ਸ਼ਰਧਾਲੂਆਂ ਦੇ ਲਈ ਪਾਸਪੋਰਟ ਦੀ ਸ਼ਰਤ ਖਤਮ ਕੀਤੇ ਜਾਣ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਲਾਂਘੇ ਦੇ ਦੁਆਲੇ ਉਸਾਰੇ ਜਾਣ ਵਾਲੇ ਬੁਨਿਆਦੀ ਢਾਂਚੇ ਅਤੇ ਉੱਥੇ ਪਹੁੰਚਣ ਵਾਲੀ ਸੜਕ ਦੀ ਸੇਧ ਨੂੰ ਜਲਦੀ ਨਾਲ ਅੰਤਿਮ ਰੂਪ ਦਿੱਤੇ ਜਾਣ ਵਾਸਤੇ ਮੋਦੀ ਸਰਕਾਰ ਨੂੰ ਆਖਿਆ ਹੈ ਤਾਂ ਜੋ ਇਸ ਇਤਿਹਾਸਕ ਲਾਂਘੇ ਨੂੰ ਅਮਲ ਵਿੱਚ ਲਿਆਉਣ ਲਈ ਬਿਨ੍ਹਾਂ ਕਿਸੇ ਹੋਰ ਦੇਰੀ ਤੋਂ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾ ਸਕੇ |
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਕ ਲਿਖਤੀ ਬੇਨਤੀ ਵਿੱਚ ਕਿਹਾ ਹੈ ਕਿ ਲਾਂਘੇ ਤੋਂ ਪਾਰ ਜਾਣ ਵਾਸਤੇ ਸ਼ਰਧਾਲੂਆਂ ਦੇ ਲਈ ਲਾਜ਼ਮੀ ਪਾਸਪੋਰਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਤਾਂ ਜੋ ਇਹ ਸ਼ਰਧਾਲੂ ਪਾਕਿਸਤਾਨੀ ਖਿੱਤੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਸਕਣ |
ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਰਿਵਾਇਤੀ ਸਿੱਖ ਅਰਦਾਸ ਦੇ ਮੱਦੇਨਜ਼ਰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ‘ਖੁੱਲ੍ਹੇ ਦਰਸ਼ਨ ਦੀਦਾਰ’ ਦੀ ਸੁਵਿਧਾ ਦੇ ਵਾਸਤੇ ਸਾਧਾਰਨ ਪ੍ਰਕਿਰਿਆ ਅਪਣਾਉਣ ਲਈ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਹੈ |
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਸੁਝਾਅ ਦਿੱਤਾ ਹੈ ਕਿ ਸ਼ਨਾਖਤ ਲਈ ਪਾਸਪੋਰਟ ਦੀ ਬਜਾਏ ਆਧਾਰ ਕਾਰਡ ਵਰਗੇ ਯੋਗ ਸਰਕਾਰੀ ਦਸਤਾਵੇਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਕਿ ਵੱਧ ਤੋਂ ਵੱਧ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ |
ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਵਰਤੋਂ ਕਰਨ ਵਾਲੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੇ ਸਰਹੱਦ ਪਾਰ ਲਈ ਢੁਕਵਾਂ ਬੁਨਿਆਦੀ ਢਾਂਚਾ ਕਾਇਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਐਕਵਾਇਰ ਕੀਤੀ ਜਾਣ ਵਾਲੀ ਪ੍ਰਸਤਾਵਿਤ ਜ਼ਮੀਨ ਦੋਵਾਂ ਪਾਸਿਆਂ ਦੇ ਮੌਜੂਦਾ ਅਤੇ ਭਵਿੱਖੀ ਲੋੜਾਂ ਨੂੰ ਸਨਮੁਖ ਹੋਣੀ ਚਾਹੀਦੀ ਹੈ |
ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਵਜੋਂ ਕਰਤਾਰਪੁਰ ਲਾਂਘੇ ਵਾਸਤੇ ਅਮਲ ਵਿੱਚ ਲਿਆਂਦੀਆਂ ਜਾਣ ਵਾਲੀਆਂ ਵਿਉਂਤਾਂ ਬਣਾਉਣ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਮੌਜੂਦਾ ਸਮੇਂ ਰੁੱਝੇ ਹੋਣ ਨੂੰ ਨੋਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਜਿਹੜੇ ਸ਼ਰਧਾਲੂ ਕਰਤਾਰਪੁਰ ਸਾਹਿਬ ਵਿਖੇ ਰੋਜ਼ਮਰਾ ਦੀ ਅਰਦਾਸ ਅਤੇ ਸ੍ਰੀ ਅਖੰਡ ਪਾਠ ਸਾਹਿਬ ਤੇ ਸਹਿਜ ਪਾਠ ਪ੍ਰਕਾਸ਼ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਸ ਸਬੰਧੀ ਢੁੱਕਵੀਂ ਪ੍ਰਣਾਲੀ ਨੂੰ ਅਮਲ ਵਿੱਚ ਲਿਆਂਦਾ ਜਾਵੇ |
ਮੁੱਖ ਮੰਤਰੀ ਨੇ ਕੇਂਦਰ ਮੰਤਰੀ ਨੂੰ ਸ਼ਰਧਾਲੂਆਂ ਦੇ ਹਿੱਤ ਵਿੱਚ ਇਹ ਬੇਨਤੀਆਂ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ |