ਦੀਨਾਨਗਰ, 5 ਅਕਤੂਬਰ:
ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਨ ’ਤੇ ਅਕਾਲੀਆਂ ਉੱਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕਰਨਾ ਖ਼ੈਰਾਤ ਨਹੀਂ ਸਗੋਂ ਪੰਜਾਬ ਲਈ ਆਪਣਾ ਬਣਦਾ ਹੱਕ ਲੈਣਾ ਹੈ।
ਅੱਜ ਇੱਥੇ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਬਾਦਲਾਂ ਦੀਆਂ ਮਾਰੂ ਨੀਤੀਆਂ ਅਤੇ ਮੁੱਖ ਮੰਤਰੀ ਦੀ ਬੇਲੋੜੀ ਆਲੋਚਨਾ ਕਰਨ ਲਈ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਨੂੰ ਪੂਰੀ ਤਰਾਂ ਚੱਟ ਲਏ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਸਿਰਫ ਛੇ ਮਹੀਨਿਆਂ ’ਚ ਹੀ ਸੂਬੇ ਦੇ ਲੋਕਾਂ ਲਈ ਭਲਾਈ ਪ੍ਰੋਗਰਾਮ ਆਰੰਭੇ ਹਨ।
ਕਾਂਗਰਸੀ ਉਮੀਦਵਾਰ ਨੂੰ ਹਲਕੇ ਦੀਆਂ ਔਰਤਾਂ ਸਮੇਤ ਲੋਕਾਂ ਪਾਸੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਸ੍ਰੀ ਜਾਖੜ ਨੇ ਸਵਰਨ ਸਲਾਰੀਆ ਤੇ ਉਸਦੀ ਪਾਰਟੀ ਵੱਲੋਂ ਉਨਾਂ ਉੱਪਰ ਕੀਤੇ ਨਿੱਜੀ ਹਮਲਿਆਂ ਦੀ ਵੀ ਸਖ਼ਤ ਆਲੋਚਨਾ ਕੀਤੀ। ਸ੍ਰੀ ਜਾਖੜ ਨੇ ਉਨਾਂ ਨੂੰ ਬਾਹਰੀ ਦੱਸਣ ਵਾਲੇ ਵਿਰੋਧੀਆਂ ’ਤੇ ਚੁਟਕੀ ਲੈਂਦਿਆਂ ਆਖਿਆ ਕਿ ਹਲਕੇ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਲੋਕ ਸਭਾ ਵਿੱਚ ਸਾਡੀ ਆਵਾਜ਼ ਬੁਲੰਦ ਕਰਨਗੇ ਅਤੇ ਲੋਕ ਉਨਾਂ ਨੂੰ ‘ਸਾਡਾ ਜਾਖੜ’ ਕਹਿਣ ਲੱਗ ਪਏ ਹਨ ਅਤੇ ਉਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਹੈ।
ਬਾਦਲਾਂ ’ਤੇ ਨਿਸ਼ਾਨਾ ਵਿੰਨਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਸੁਖਬੀਰ ਨੂੰ ਤਾਂ ਲੋਕ ਗੰਭੀਰ ਆਗੂ ਸਮਝਦੇ ਹੀ ਨਹੀਂ ਜਦਕਿ ਪ੍ਰਕਾਸ਼ ਸਿੰਘ ਬਾਦਲ ਨੇ ਬੇਸਮਝੀ ਵਾਲੀ ਬਿਆਨਬਾਜ਼ੀ ਨਾਲ ਆਪਣੀ ਭਰੋਸੇਯੋਗਤਾ ਪੂਰੀ ਤਰਾਂ ਗੁਆ ਲਈ ਹੈ। ਉਨਾਂ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਦੀ ਇਸ ਗੱਲੋਂ ਕੀਤੀ ਆਲੋਚਨਾ ਦਾ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕਰਨ ਦਾ ਵਾਅਦਾ ਨਹੀਂ ਪੁਗਾ ਸਕਣਗੇ। ਉਨਾਂ ਦੱਸਿਆ ਕਿ ਇਸ ਮੁੱਦੇ ’ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਬੇਤੁੱਕੀ ਆਲੋਚਨਾ ਨੂੰ ਰੱਦ ਕਰਦਿਆਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਇਤਿਹਾਸਕ ਫੈਸਲਾ ਲਿਆ ਜਿਸ ਤੋਂ ਬਾਅਦ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਮੇਤ ਹੋਰ ਸੂਬਿਆਂ ਨੇ ਵੀ ਪੰਜਾਬ ਤੋਂ ਸੇਧ ਲੈਂਦਿਆਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ।
ਬਾਦਲ ਵੱਲੋਂ ਮੁੱਖ ਮੰਤਰੀ ਹੁੰਦਿਆਂ ਦਸ ਵਰਿਆਂ ਦੇ ਸ਼ਾਸਨਕਾਲ ਦੇ ਅਖੀਰਲੇ ਛੇ ਮਹੀਨਿਆਂ ਵਿੱਚ ਪੈਨਸ਼ਨ ਵਧਾਉਣ ਦੀ ਗੱਲ ਕਰਨ ਬਾਰੇ ਸ੍ਰੀ ਜਾਖੜ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਪੈਨਸ਼ਨ ਰਾਸ਼ੀ ਵਿੱਚ ਵਾਧਾ ਕੀਤਾ ਹੈ। ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਹ ਸਿਆਸੀ ਬਦਲਾਖੋਰੀ ਤੋਂ ਬਿਨਾਂ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨਾਂ ਨੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਪੈਂਦੇ ਦੀਨਾਨਗਰ ਤੇ ਹੋਰ ਹਿੱਸਿਆਂ ਵਿੱਚ ਆਰੰਭੇ ਕਈ ਵਿਕਾਸ ਪ੍ਰੋਜੈਕਟਾਂ ਬਾਰੇ ਚੇਤੇ ਕਰਵਾਇਆ ਜਿਨਾਂ ਨੂੰ ਪੂਰਾ ਕਰਨ ਲਈ ਫੰਡ ਅੜਿੱਕਾ ਨਹੀਂ ਬਣਨਗੇ।
ਸੁਖਬੀਰ ਬਾਦਲ ਤੇ ਸਲਾਰੀਆਂ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ਼ ਦਰਜ ਬਲਾਤਕਾਰ ਦੇ ਕੇਸ ’ਤੇ ਅਜੇ ਤੱਕ ਚੁੱਪ ਨਾ ਤੋੜਣ ਸਬੰਧੀ ਸ੍ਰੀ ਜਾਖੜ ਨੇ ਦੋਵਾਂ ਆਗੂਆਂ ਨੂੰ ਕਿਸੇ ਵੀ ਮੁੱਦੇ ’ਤੇ ਉਨਾਂ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਸ ਦੇ ਨਾਲ ਹੀ ਨੋਟਬੰਦੀ ਤੇ ਜੀ.ਐਸ.ਟੀ. ਦੇ ਪ੍ਰਭਾਵ ਅਤੇ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਦਾ ਬੋਝ ਲੋਕਾਂ ਨੂੰ ਸਹਿਣਾ ਪੈ ਰਿਹਾ ਹੈ। ਉਨਾਂ ਨੇ ਪੁੱਛਿਆ, ‘‘ਮੋਦੀ ਦੇ ਵਾਅਦਿਆਂ ਵਾਲੇ ‘ਅੱਛੇ ਦਿਨ’ ਕਿੱਥੇ ਹਨ।’’ ਉਨਾਂ ਆਖਿਆ ਕਿ ਮੋਦੀ ਸਰਕਾਰ ਦੇ ਮਾਰੂ ਫੈਸਲਿਆਂ ਨਾਲ ਪੈਦਾ ਹੋਈਆਂ ਵਿੱਤੀ ਮੁਸ਼ਕਲਾਂ ਅਤੇ ਵਧੀਆਂ ਕੀਮਤਾਂ ਕਾਰਨ ਲੋਕ ਇਸ ਵਾਰ ਦਿਵਾਲੀ ਮਨਾਉਣ ਜੋਗੇ ਵੀ ਨਹੀਂ ਰਹੇ।
ਗੁੱਜਰ ਸਮਾਜ ਨਾਲ ਇਕ ਮੀਟਿੰਗ ਦੌਰਾਨ ਸ੍ਰੀ ਜਾਖੜ ਨੇ ਗਊ ਰੱਖਿਆ ਅਤੇ ਹੋਰ ਮਾਮਲਿਆਂ ਦੇ ਨਾਂ ਹੇਠ ਮੁਲਕ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰ ਦੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲਿਆ। ਇਲਾਕੇ ਵਿੱਚ ਕਬਰਿਸਤਾਨ ਲਈ ਲੋਕਾਂ ਦੀ ਮੰਗ ਬਾਰੇ ਉਨਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਇਸ ਲਈ ਪਹਿਲਾਂ ਹੀ ਬਜਟ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਸ੍ਰੀ ਜਾਖੜ ਨਾਲ ਸਿੱਖਿਆ ਮੰਤਰੀ ਅਰੁਣਾ ਚੌਧਰੀ, ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਅਤੇ ਕਈ ਕਾਂਗਰਸੀ ਵਿਧਾਇਕ, ਲੀਡਰ,ਸਰਪੰਚ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।