ਮੋਹਾਲੀ, 10 ਅਗਸਤ:
ਪੰਜਾਬ ਦੇ ਵਿਕਾਸ ਪ੍ਰਤੀ ਪਿਛਲੀ ਬਾਦਲ ਸਰਕਾਰ ਵੱਲੋਂ ਵਿਖਾਈ ਗਈ ਉਦਾਸੀਨਤਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਉਦਯੋਗ ਨੂੰ ਬੜ੍ਹਾਵਾ ਦੇਣ ਅਤੇ ਨੌਕਰੀਆਂ ਪੈਦਾ ਕਰਨ ਦੀ ਆਪਣੀ ਸਰਕਾਰੀ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਇਸੇ ਦੌਰਾਨ ਹੀ ਉਨ੍ਹਾਂ ਨੇ ਕੁਆਰਕ ਵੱਲੋਂ ਰੁਜ਼ਗਾਰ ਪੈਦਾ ਕਰਨ ਲਈ ਦਿੱਤੇ ਯੋਗਦਾਨ ਦੀ ਸਰਾਹਨਾ ਕੀਤੀ ਹੈ।
ਮੋਹਾਲੀ ਵਿਖੇ ਕੁਆਰਕ ਸਿਟੀ ਵਿੱਚ ਬਣਾਏ ਜਾ ਰਹੇ ਨਵੇਂ ਵਪਾਰਿਕ ਕੇਂਦਰ ਦੇ ਭੂਮੀ ਪੂਜਨ ਦੇ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਦੀ ਪ੍ਰਸ਼ੰਸਾ ਕੀਤੀ ਜੋ ਕਿ ਵਿਸ਼ਵ ਪੱਧਰੀ ਸੂਚਨਾ ਤਕਨਾਲੋਜੀ (ਆਈ.ਟੀ)/ਸੂਚਨਾ ਤਕਨਾਲੋਜੀ ਇਨੇਬਲਡ ਸਰਵਿਸਿਜ਼ (ਆਈ.ਟੀ.ਈ.ਐਸ) ਦਾ ਭਵਿੱਖੀ ਕੇਂਦਰ ਹੋਵੇਗਾ ਜਿੱਥੇ ਕੰਪਨੀਆਂ ਵਧੀਆ ਕੰਮ-ਕਾਜੀ ਮਾਹੌਲ ਮੁਹੱਈਆ ਕਰਾਉਣਗੀਆਂ।
ਉਨ੍ਹਾਂ ਕਿਹਾ ਕਿ ਮਹੱਤਵਪੂਰਨ ਵਪਾਰਿਕ ਕੇਂਦਰ ਟਰਾਈਸਿਟੀ ਵਿੱਚ ਉੱਚ ਮਿਆਰੀ ਦਫਤਰੀ ਬੁਨਿਆਦੀ ਢਾਂਚੇ ਦੀ ਮੰਗ ਮੁਢਲੇ ਰੂਪ ਵਿੱਚ ਲਗਾਤਾਰ ਵੱਧ ਰਹੀ ਹੈ। ਇਸ ਦੇ ਮੱਦੇਨਜ਼ਰ ਕੁਆਰਕ ਸਿਟੀ ਦੇ ਚੇਅਰਮੈਨ ਫ੍ਰੈਡ ਇਬਰਾਹਿਮ ਨੇ ਇਹ ਵਿਸ਼ਾਲ ਬੁਨਿਆਦੀ ਢਾਂਚਾ ਪ੍ਰੋਜੈਕਟ ਤਿਆਰ ਕਰਨ ਲਈ ਵੱਡੀ ਦਿਲਚਸਪੀ ਵਿਖਾਈ ਹੈ।
ਸਾਲ 2002 ਵਿੱਚ ਫ੍ਰੈਡ ਨਾਲ ਹੋਈ ਆਪਣੀ ਪਹਿਲੀ ਮੀਟਿੰਗ ਦੀ ਯਾਦ ਤਾਜ਼ਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁਆਰਕਸਿਟੀ ਵਿਕਸਿਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਪੰਜਾਬ ਲਈ ਇਕ ਸੰਪਤੀ ਹੈ। ਉਨ੍ਹਾਂ ਕਿਹਾ ਕਿ ਇਸ ਵੱਲੋਂ 50,000 ਨੌਕਰੀਆਂ ਪਹਿਲਾਂ ਹੀ ਪੈਦਾ ਕੀਤੀਆਂ ਜਾ ਚੁੱਕੀਆਂ ਹਨ ਅਤੇ ਸ੍ਰੀ ਫ੍ਰੈਡ ਨੇ 25,000 ਨੌਕਰੀਆਂ ਹੋਰ ਪੈਦਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਫ੍ਰੈਡ ਦਾ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਬਹੁਤ ਪ੍ਰਭਾਵੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੀ ਉਦਾਸੀਨਤਾ ਕਾਰਨ ਪੰਜਾਬ ਦਾ ਉਦਯੋਗ ਬੁਰੀ ਤਰ੍ਹਾਂ ਤਬਾਹ ਹੋ ਗਿਆ ਹੈ। ਪਿਛਲੀ ਸਰਕਾਰ ਨੇ ਸੂਬੇ ਦੇ ਵਿਕਾਸ ਅਤੇ ਵਾਧੇ ਨੂੰ ਪੂਰੀ ਤਰ੍ਹਾਂ ਅਣਗੌਲੀ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਆਰਕ ਸਿਟੀ ਇਕ ਮਹੱਤਵਪੂਰਨ ਪ੍ਰੋਜੈਕਟ ਹੋਣ ਦੇ ਨਾਲ ਪੰਜਾਬ ਦੇ ਸਨਅਤੀ ਵਿਕਾਸ ਨੂੰ ਬੜ੍ਹਾਵਾ ਦੇਵੇਗਾ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਨੂੰ ਉੱਤਰ ਭਾਰਤ ਦੀ ਪ੍ਰਮੁੱਖ ਆਈ.ਟੀ ਧੁਰੀ ਵਜੋਂ ਉਭਾਰੇਗਾ। ਆਈ.ਟੀ. ਅਤੇ ਆਈ.ਟੀ.ਈ.ਐਸ. ਸੈਕਟਰ ਸੂਬੇ ਦਾ ਇਕੋ-ਇਕ ਅਤੇ ਇਕੋ-ਇਕ ਕਾਰਜਸ਼ੀਲ ਵਿਸ਼ੇਸ਼ ਆਰਥਿਕ ਜ਼ੋਨ ਹੈ। ਇਸ ਨੇ ਨਾ ਕੇਵਲ ਬਹੁਤ ਜ਼ਿਆਦਾ ਤਨਖਾਹਾਂ ਵਾਲੇ ਪ੍ਰੋਫੈਸ਼ਨਲ ਲੋਕਾਂ ਲਈ ਸਗੋਂ ਨਿਰਮਾਣ, ਇੰਜੀਨੀਅਰਿੰਗ, ਡਿਜ਼ਾਇਨ ਅਤੇ ਇਮਾਰਤ ਸਮਰਥਨ ਸੇਵਾਵਾਂ ਸਬੰਧੀ ਵੀ ਨੌਕਰੀਆਂ ਪੈਦਾ ਕੀਤੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸੇ ਤਰਜ਼ ‘ਤੇ ਉਨ੍ਹਾਂ ਦੀ ਸਰਕਾਰ ਸੰਕਟ ਵਿੱਚ ਘਿਰੀ ਸਨਅਤ ਨੂੰ ਸੂਬੇ ਵਿੱਚ ਮੁੜ ਲੀਹ ‘ਤੇ ਲਿਆਉਣ ਵਿੱਚ ਵਿਸ਼ਵਾਸ ਰੱਖਦੀ ਹੈ ਜਿਸ ਸਬੰਧ ਵਿੱਚ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਦੇ ਵਾਸਤੇ ਨਵੀਂ ਸਨਅਤੀ ਨੀਤੀ ਦਾ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਕੁਆਰਕ ਸਿਟੀ ਦੇ ਕੁੱਝ ਮੁਲਾਜ਼ਮਾਂ ਅਤੇ ਵਪਾਰਕ ਉਦਮੀਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੋਹਾਲੀ ਲਈ ਹਵਾਈ ਸੰਪਰਕ ਨੂੰ ਵਿਕਸਿਤ ਕਰਨ ਦੇ ਯਤਨਾਂ ਵਿੱਚ ਹੈ। ਇਥੋਂ ਘੱਟੋਂ-ਘੱਟ ਇਕ ਅੰਤਰ-ਰਾਸ਼ਟਰੀ ਉਡਾਨ ਸ਼ੁਰੂ ਹੋਵੇਗੀ ਜੋ ਕਿ ਯੂਰਪ ਜਾਂ ਏਸ਼ੀਆ ਲਈ ਹੋਵੇਗੀ। ਉਨ੍ਹਾਂ ਨੇ ਇਸ ਸੁਝਾਅ ਨਾਲ ਸਹਿਮਤੀ ਪ੍ਰਗਟਾਈ ਕਿ ਇੰਟਰਪਨਿਓਰਸ਼ਿਪ ਨੂੰ ਬੜ੍ਹਾਵਾ ਦੇਣ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਅਤੇ ਵਧੀਆ ਬੁਨਿਆਦੀ ਢਾਂਚਾ ਵਿਕਸਿਤ ਕਰਕੇ ਪੰਜਾਬ ਤੋਂ ਬਾਹਰ ਗਏ ਸਾਰੇ ਹੁਨਰ ਨੂੰ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਨਅਤੀ ਹੁਲਾਰੇ ਲਈ ਸਾਰੀਆਂ ਕੋਸ਼ਿਸ਼ਾਂ ਕਰਨ ਲਈ ਕਦਮ ਚੁੱਕ ਰਹੀ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਮਾਰੋਹ ਨੂੰ ਪੰਜਾਬ ਲਈ ਇਕ ਮਾਣ ਵਾਲਾ ਪੱਲ ਦੱਸਿਆ ਅਤੇ ਕਿਹਾ ਕਿ ਇਹ ਪ੍ਰੋਜੈਕਟ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਕਾਰਜ ਕਾਲ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਕੁੱਲ 350 ਬਿਲੀਅਨ ਡਾਲਰ ਦੀ ਬਰਾਮਦ ਵਿੱਚ ਆਈ.ਟੀ. ਦਾ ਯੋਗਦਾਨ ਇਕ ਤਿਹਾਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਆਈ.ਟੀ. ਦੇ ਪ੍ਰਸਿੱਧ ਧੁਰੇ ਨਾਲ ਜੁੜਣ ਦਾ ਇਹ ਬਹੁਤ ਵੱਡਾ ਮੌਕਾ ਹੈ।
ਸੂਬੇ ਦੇ ਉਦਯੋਗ ਦਾ ਮੁਹਾਂਦਰਾ ਤਬਦੀਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਭਾਈ ਜਾ ਰਹੀ ਮੋਹਰੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਕੁਆਰਕ ਸਿਟੀ ਪੰਜਾਬ ਦੇ ਉਦਯੋਗਿਕ ਸੁਰਜੀਤੀਕਰਨ ਵਿੱਚ ਇਕ ਮੀਲ ਦਾ ਪੱਥਰ ਸਾਬਤ ਹੋਗੇਗਾ।
ਕੁਆਰਕਸਿਟੀ ਇਕ ਬਹੁਪਖੀ ਪ੍ਰੋਜੈਕਟ ਹੈ ਜੋ ਕਿ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਅਤੇ ਸਮਾਜਿਕ ਤੌਰ ‘ਤੇ ਚੇਤਨ ਅੰਤਰ-ਰਾਸ਼ਟਰੀ ਗਰੁੱਪ ਹੈ। ਇਹ ਸ਼ਹਿਰੀ ਜੀਵਨ ਜਾਂਚ ਵਿੱਚ ਤਬਦੀਲੀ ਲਿਆਉਣ ਲਈ ਸਮਰਪਿਤ ਹੈ ਜਿਸ ਦੇ ਵਾਸਤੇ ਇਹ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹਈਆ ਕਰਾ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਵਧੀਆ ਵਾਤਾਵਰਨ ਪੱਖੀ ਅਤੇ ਹੰਡਣਸਾਰ ਹੈ। ਇਹ ਪ੍ਰੋਜੈਕਟ ਬਹੁ ਮੰਤਵੀ ਹੈ ਜਿਥੇ ਰਿਹਾਇਸ਼ ਤੋਂ ਇਲਾਵਾ ਹੋਰ ਵੀ ਕੇਂਦਰ ਬਣਨਗੇ।
ਸੱਤ ਮੰਜ਼ਲੀ ਇਮਾਰਤ ਨੂੰ ਦੋ ਬਲਾਕਾਂ ਵਿੱਚ ਵੰਡੀਆ ਗਿਆ ਹੈ ਇਸ ਦਾ ਕੁੱਲ ਖੇਤਰ 4,10,000 ਵਰਗ ਫੁੱਟ ਹੈ। ਇਸ ਵਿੱਚ 675 ਕਾਰਾਂ ਖੜ੍ਹੀਆਂ ਕਰਨ ਦੀ ਪਾਰਕਿੰਗ ਹੈ। ਇਹ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ 2022 ਤੱਕ ਬਣ ਕੇ ਮੁਕੰਮਲ ਹੋ ਜਾਵੇਗਾ। ਇਹ ਪੰਜਾਬ ਦੇ 6000 ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰੇਗਾ। ਕੁਆਰਸਿਟੀ ਵਿੱਚ ਆਈ.ਟੀ. ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਵਿਸ਼ਵ ਪੱਧਰੀ ਇਮਾਰਤ ਲੈਂਡਮਾਰਕ ਪਲਾਜ਼ਾ ਇਸ ਵੇਲੇ 6000 ਨੌਕਰੀਆਂ ਮੁਹੱਈਆ ਕਰਾ ਰਿਹਾ ਹੈ ਅਤੇ ਇਸ ਦੇ ਮੁਕੰਮਲ ਹੌਣ ਦੇ ਨਾਲ 10,000 ਨੌਕਰੀਆਂ ਉਪਲਬਧ ਹੋਣਗੀਆਂ। ਕੁਆਰਕਸਿਟੀ ਦੀਆਂ ਸੁਵਿਧਾਵਾਂ 9000 ਕਰੋੜ ਦੇ ਨਿਵੇਸ਼ ਨਾਲ ਤਿਆਰ ਹੋਈਆਂ ਹਨ। ਜਿੱਥੇ 18 ਬਹੁਰਾਸ਼ਟਰੀਆਂ ਕੰਪਨੀਆਂ ਹਨ ਜਿਨ੍ਹਾਂ ਦੀ ਕੁੱਲ ਬਰਾਮਦ 2500 ਕਰੋੜ ਰੁਪਏ ਦੀ ਹੈ। ਕੁਆਰਕ ਸਿਟੀ ਦੇ ਸੰਗਠਤ ਟਾਉਨਸ਼ਿੱਪ ਦੇ ਮੁਕੰਮਲ ਹੋਣ ਦੇ ਨਾਲ ਤਕਰੀਬਨ 35000 ਸਿੱਧੀਆਂ ਨੌਕਰੀਆਂ ਪੈਦਾ ਹੋਣਗੀਆਂ।
ਗੌਰਤਲਬ ਹੈ ਕਿ ਕੁਆਰਕ ਸਿਟੀ ਨੇ ਮੋਹਾਲੀ ਵਿੱਚ ਆਪਣਾ ਸਫਰ 1988 ਵਿੱਚ ਸ਼ੁਰੂ ਕੀਤਾ ਸੀ। ਉਸ ਸਮੇਂ ਇਸ ਨੇ ਸੋਫਟਵੇਅਰ ਵਾਸਤੇ ਆਈ.ਟੀ. ਡਿਵੈਲਪਮੈਂਟ ਸੈਂਟਰ ਬਣਾਇਆ ਸੀ ਅਤੇ ਇਸ ਵਿੱਚ ਅੰਦਾਜ਼ਨ 3500 ਮੁਲਾਜ਼ਮ ਸਨ। ਸਾਲ 2003 ਵਿੱਚ ਇਸ ਨੇ ਐਟ੍ਰੀਅਮ, ਕੁਆਰਕਸਿਟੀ ਮੋਹਾਲੀ ਨੂੰ ਮੁਕੰਮਲ ਕੀਤਾ ਸੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੱਦੇ ਨਾਲ ਹੋਂਦ ਵਿੱਚ ਆਇਆ ਸੀ।