ਓਟਵਾ, 8 ਮਈ : ਦੂਜ ਦਰਾਜ ਦੇ ਪਹਾੜੀ ਇਲਾਕਿਆਂ, ਟਾਪੂਆਂ ਤੇ ਲਾਕਡ-ਡਾਊਨ ਦੇਸ਼ਾਂ ਵਿੱਚ ਫਸ ਚੱੁਕੇ ਹਜ਼ਾਰਾਂ ਕੈਨੇਡੀਅਨਾਂ ਨੂੰ ਦੇਸ਼ ਵਾਪਿਸ ਲਿਆਉਣ ਲਈ ਕੈਨੇਡਾ ਲੱਗਭੱਗ ਦਰਜਨਾਂ ਵਿਦੇਸ਼ੀ ਏਅਰਲਾਈਨਜ਼ ਦੀ ਮਦਦ ਲਵੇਗਾ। ਇਹ ਅਜਿਹੀਆਂ ਥਾਂਵਾਂ ਹਨ ਜਿਨ੍ਹਾਂ ਉੱਤੇ ਦੁਨੀਆ ਭਰ ਵਿੱਚ ਜਾਰੀ ਲਾਕਡਾਊਨ ਕਾਰਨ ਕੈਨੇਡੀਅਨ ਕੈਰੀਅਰਜ਼ ਪਹੁੰਚ ਨਹੀਂ ਸਕਦੇ।
ਫੈਡਰਲ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ 25000 ਲੋਕਾਂ ਨੂੰ ਘਰ ਲਿਆਉਣ ਦੇ ਪ੍ਰਬੰਧ ਕੀਤੇ ਜਾ ਚੱੁਕੇ ਹਨ ਤੇ ਹੁਣ ਬਾਕੀ ਫਸੇ ਹੋਏ 20 ਫੀ ਸਦੀ ਯਾਤਰੀਆਂ ਨੂੰ ਲਿਆਉਣ ਦੀਆਂ ਕੋਸਿ਼ਸ਼ਾਂ ਚੱਲ ਰਹੀਆਂ ਹਨ। ਪਰ ਸਰਕਾਰ ਇਹ ਵੀ ਆਖ ਰਹੀ ਹੈ ਕਿ ਉਹ ਮਹਾਂਮਾਰੀ ਦੇ ਖੁਦ ਖਤਮ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਅਜੇ ਵੀ ਘਰ ਵਾਪਿਸ ਨਹੀਂ ਲਿਆ ਸਕੇਗੀ।
ਲਿਬਰਲ ਐਮਪੀ ਰੌਬ ਓਲੀਫੈਂਟ, ਵਿਦੇਸ਼ ਮੰਤਰੀ ਦੇ ਪਾਰਲੀਮਾਨੀ ਸਕੱਤਰ, ਨੇ ਆਖਿਆ ਕਿ ਇਨ੍ਹਾਂ ਆਖਰੀ ਫਸੇ ਹੋਏ ਕੈਨੇਡੀਅਨਾਂ ਨੂੰ ਵਾਪਿਸ ਲੈ ਕੇ ਆਉਣਾ ਕਾਫੀ ਮੁਸ਼ਕਲ ਹੋਵੇਗਾ। ਉਨ੍ਹਾਂ ਆਖਿਆ ਕਿ ਕੌਮਾਂਤਰੀ ਏਅਰਲਾਈਨਜ਼ ਨੂੰ ਇਸ ਲਈ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਕੈਨੇਡੀਅਨ ਏਅਰਲਾਈਨਜ਼ ਉਨ੍ਹਾਂ ਦੇਸ਼ਾਂ ਜਿਵੇਂ ਕਿ ਫਿਲੀਪੀਨਜ਼, ਭਾਰਤ ਤੇ ਕੁੱਝ ਅਫਰੀਕੀ ਮੁਲਕਾਂ ਵਿੱਚ ਨਹੀਂ ਜਾ ਸਕਦੀਆਂ।
ਕੁਝ ਦੇਸ਼ਾਂ ਨੇ ਆਪਣੀਆਂ ਏਅਰਸਪੇਸ ਬੰਦ ਕਰ ਦਿੱਤੀਆਂ ਹਨ ਤੇ ਹੋਰਨਾਂ ਵੱਲੋਂ ਸਰਕਾਰੀ ਦਸਤਾਵੇਜ਼ਾਂ ਤੋਂ ਬਿਨਾ ਲੋਕਾਂ ਨੂੰ ਏਅਰਪੋਰਟਸ ਤੱਕ ਵੀ ਨਹੀਂ ਜਾਣ ਦਿੱਤਾ ਜਾ ਰਿਹਾ।