ਓਟਾਵਾ/ਵਾਸ਼ਿੰਗਟਨ— ਅਮਰੀਕਾ ਦੇ ਵਰਜੀਨੀਆ ਸੂਬੇ ‘ਚ ਇਕ ਰੈਲੀ ਦੌਰਾਨ ਲੋਕਾਂ ‘ਤੇ ਕਾਰ ਚੜ੍ਹਾਉਣ ਦੀ ਘਟਨਾ ਦੀ ਕੈਨੇਡੀਅਨ ਸਿਆਸਤਦਾਨਾਂ ਵਲੋਂ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਜਾ ਰਹੀ ਹੈ। ਇਸ ਘਟਨਾ ‘ਚ 3 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ।
ਇਸ ਘਟਨਾ ਦੀ ਨਿਖੇਦੀ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ‘ਕੈਨੇਡਾ ਵੀ ਨਸਲਵਾਦ ਤੋਂ ਮੁਕਤ ਨਹੀਂ ਹੈ।’ ਟਰੂਡੋ ਨੇ ਵਰਜੀਨੀਆ ਦੇ ਸ਼ਹਿਰ ਚਾਰਲੋਟਸਵਿਲੇ ‘ਚ ਵਾਪਰੀ ਘਟਨਾ ਦੀ ਨਿਖੇਦੀ ਕਰਦਿਆਂ ਕੈਨੇਡਾ ਵਲੋਂ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਟਰੂਡੋ ਨੇ ਆਪਣੇ ਟਵੀਟ ‘ਚ ਕਿਹਾ, ”ਅਸੀਂ ਜਾਣਦੇ ਹਾਂ ਕਿ ਕੈਨੇਡਾ ਵੀ ਨਸਲਵਾਦ ਤੇ ਨਫਰਤੀ ਹਿੰਸਾ ਤੋਂ ਬਚਿਆ ਨਹੀਂ ਹੈ। ਅਸੀਂ ਇਸ ਘਟਨਾ ਦੀ ਨਿਖੇਦੀ ਕਰਦੇ ਹਾਂ ਤੇ ਚਾਰਲੋਟਸਵਿਲ ਦੇ ਪੀੜਤਾਂ ਨਾਲ ਹਮਦਰਦੀ ਰੱਖਦੇ ਹੋਏ ਹਰ ਮਦਦ ਲਈ ਤਿਆਰ ਹਾਂ।” ਓਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਕਿਹਾ ਕਿ ਨਫਰਤ ਦਾ ਕੋਈ ਬਾਰਡਰ ਨਹੀਂ ਹੁੰਦਾ ਤੇ ਸਾਨੂੰ ਇਸ ਦੇ ਫੈਲਾਅ ਤੋਂ ਚੌਕਸ ਰਹਿਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਦੇ ਵਰਜੀਨੀਆ ‘ਚ ਵਾਈਟ ਨੈਸ਼ਨਲਿਸਟ ਲੋਕਾਂ ਦੀ ਰੈਲੀ ‘ਤੇ ਇਕ ਤੇਜ਼ ਰਫਤਾਰ ਕਾਰ ਆਣ ਚੜ੍ਹੀ, ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ ਤੇ ਦੋ ਦਰਜਨ ਤੋਂ ਵੀ ਵਧ ਲੋਕ ਜ਼ਖਮੀ ਹੋ ਗਏ। ਕਾਰ ਲੋਕਾਂ ‘ਤੇ ਚੜਾਉਣ ਦੇ ਬਾਅਦ ਕਾਰਨ ਚਾਲਕ ਨੇ ਪੂਰੀ ਰਫਤਾਰ ਨਾਲ ਕਾਰ ਪਿੱਛੇ ਵੀ ਕੀਤੀ। ਪੁਲਸ ਨੇ ਮੌਕੇ ‘ਤੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਸੀ।