ਓਟਾਵਾ : ਕੈਨੇਡਾ ਵਿਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਅਤੇ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸ਼ਾਮਲ ਪੰਜਾਬੀ ਮੂਲ ਦੀ ਸਾਬਕਾ ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ ਨੇ ਟੈਰਿਫ਼ ਦੇ ਮੁੱਦੇ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।
ਰੂਬੀ ਢੱਲਾ ਨੇ ਬੁਧਵਾਰ ਨੂੰ X ‘ਤੇ ਇਕ ਪੋਸਟ ਵਿਚ ਕਿਹਾ ਕਿ ਉਹ ਇਕ ਕਾਰੋਬਾਰੀ ਔਰਤ ਹੈ ਅਤੇ ਦੇਸ਼ ਨੂੰ ਇਕ ਅਜਿਹੇ ਵਿਅਕਤੀ ਦੀ ਲੋੜ ਹੈ ਜਿਸ ਨੇ ਇਕ ਸਫ਼ਲ ਕਾਰੋਬਾਰ ਚਲਾਇਆ ਹੋਵੇ ਅਤੇ ਜੋ ਜਾਣਦਾ ਹੋਵੇ ਕਿ ਚੰਗੀ ਡੀਲ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੂਡੋ ਦੀ ਟੀਮ ਜਾਂ ਪੁਰਾਣੇ ਸਿਸਟਮ ਦੇ ਕਿਸੇ ਵੀ ਵਿਅਕਤੀ ਦੀ ਗੱਲ ਨਹੀਂ ਸੁਣਨਗੇ।
ਰੂਬੀ ਢੱਲਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਵਿਚ ਲਿਖਿਆ, ‘ਟੈਰਿਫ਼ ਆਉਣ ਵਾਲੇ ਹਨ।’ ਟਰੰਪ ਸੱਤਾ ਨੂੰ ਸਮਝਦੇ ਹਨ ਅਤੇ ਜਾਣਦੇ ਹਨ ਕਿ ਸੌਦਾ ਕਿਵੇਂ ਕਰਨਾ ਹੈ। ਕੋਲੰਬੀਆ ਨੂੰ ਹੀ ਦੇਖ ਲਉ। ਟਰੰਪ ਇਕ ਚੰਗਾ ਬਿਜ਼ਨੈੱਸਮੈਨ ਹੈ। ਮੈਂ ਵੀ ਇਕ ਬਿਜ਼ਨੈੱਸ ਵੂਮੈਨ ਹਾਂ। ਦੇਸ਼ ਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜਿਸ ਨੇ ਇਕ ਸਫ਼ਲ ਕਾਰੋਬਾਰ ਚਲਾਇਆ ਹੋਵੇ ਅਤੇ ਜੋ ਜਾਣਦਾ ਹੋਵੇ ਕਿ ਕੈਨੇਡੀਅਨਾਂ ਅਤੇ ਸਾਡੇ ਦੇਸ਼ ਲਈ ਇਕ ਚੰਗਾ ਸੌਦਾ ਕਿਵੇਂ ਪ੍ਰਾਪਤ ਕਰਨਾ ਹੈ।
ਉਨ੍ਹਾਂ ਪੋਸਟ ’ਚ ਲਿਖਿਆ ਕਿ ਟਰੰਪ ਟਰੂਡੋ ਦੀ ਟੀਮ ਜਾਂ ਪੁਰਾਣੀ ਸੰਸਥਾ ਦੇ ਕਿਸੇ ਵੀ ਵਿਅਕਤੀ ਦੀ ਗੱਲ ਨਹੀਂ ਸੁਣੇਗਾ। ਸਾਨੂੰ ਬਦਲਾਅ ਦੀ ਲੋੜ ਹੈ। ਉਹ ਵੀ ਅਸਲ ਬਦਲਾਅ। ਤੁਹਾਨੂੰ ਦਸ ਦੇਈਏ ਕਿ ਰੂਬੀ ਢੱਲਾ ਵੀ ਇਕ ਹੋਟਲ ਕਾਰੋਬਾਰੀ ਹੈ। ਉਹ ਕੈਨੇਡਾ ਵਿਚ ਤਿੰਨ ਵਾਰ ਸੰਸਦ ਮੈਂਬਰ ਚੁਣੀ ਗਈ ਹੈ। ਉਨ੍ਹਾਂ ਨੋ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਮਾਡਲਿੰਗ ਦੇ ਖੇਤਰ ਵਿਚ ਵੀ ਅਪਣੀ ਕਿਸਮਤ ਅਜ਼ਮਾਈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਕੈਨੇਡਾ ਨੂੰ ਚਿਤਾਵਨੀ ਦਿਤੀ ਸੀ ਕਿ ਉਹ ਅਪਣੀ ਸਰਹੱਦ ਰਾਹੀਂ ਅਮਰੀਕਾ ਵਿਚ ਨਸ਼ੀਲੇ ਪਦਾਰਥਾਂ ਦੀ ਘੁਸਪੈਠ ਅਤੇ ਤਸਕਰੀ ਦੀ ਇਜਾਜ਼ਤ ਨਾ ਦੇਵੇ, ਨਹੀਂ ਤਾਂ ਉਸ ਨੂੰ ਉਚ ਟੈਰਿਫ਼ ਦੇ ਰੂਪ ਵਿਚ ਨਤੀਜੇ ਭੁਗਤਣੇ ਪੈਣਗੇ। ਟਰੰਪ ਦੀ ਟੈਰਿਫ਼ ਸਬੰਧੀ ਚਿਤਾਵਨੀ ਦਾ ਕੈਨੇਡਾ ਵਲੋਂ ਵੀ ਜਵਾਬ ਦਿਤਾ ਗਿਆ।
ਹੁਣ ਰੂਬੀ ਢੱਲਾ ਨੇ ਵੀ ਇਸ ਮੁੱਦੇ ‘ਤੇ ਅਪਣੀ ਯੋਗਤਾ ਦਿਖਾ ਕੇ ਜਨਤਾ ਦਾ ਧਿਆਨ ਅਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਟਰੰਪ ਅਤੇ ਖ਼ੁਦ ਕਾਰੋਬਾਰੀ ਹੋਣ ਬਾਰੇ ਗੱਲ ਕਰ ਕੇ, ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਉਹ ਸੱਤਾ ਵਿਚ ਆਉਂਦੀ ਹੈ ਤਾਂ ਟੈਰਿਫ਼ ਦਾ ਮੁੱਦਾ ਵੀ ਹੱਲ ਹੋ ਜਾਵੇਗਾ।