ਓਟਾਵਾ— ਕੰਜ਼ਰਵੇਟਿਵ ਸੈਨੇਟਰ ਟੋਬੀਅਸ ਐਨਵਰਗਾ ਜੂਨੀਅਰ (61) ਦੀ ਕੋਲੰਬੀਆ ਦੇ ਦੌਰੇ ਦੌਰਾਨ ਮੌਤ ਹੋ ਗਈ। ਉਹ ਪਾਰਲੀਆਮੈਂਟਰੀ ਟਰਿੱਪ ਉੱਤੇ ਕੋਲੰਬੀਆ ਗਏ ਸਨ। ਇਸ ਦੀ ਪੁਸ਼ਟੀ ਸੈਨੇਟ ਵਲੋਂ ਕੀਤੀ ਗਈ ਹੈ।
ਕੈਨੇਡਾ ਦੇ ਆਲ-ਪਾਰਟੀ ਪਾਰਲੀਮਾਨੀ ਮੈਂਬਰਾਂ ਦਾ ਇਕ ਵਫਦ ਮੈਡੇਲਿਨ ‘ਚ ਚੱਲ ਰਹੀ ਪਾਰਲਅਮੈਰੀਕਾਜ਼ 14ਥ ਐਨੂਅਲ ਪਲੈਨਰੀ ਅਸੈਂਬਲੀ ‘ਚ ਹਿੱਸਾ ਲੈ ਰਿਹਾ ਸੀ ਜਦੋਂ ਐਨਵਰਗਾ ਦੀ ਮੌਤ ਹੋਈ। ਮਰਹੂਮ ਸੈਨੇਟਰ ਦੇ ਦਫਤਰ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਵੀਰਵਾਰ ਸਵੇਰੇ ਅਚਨਚੇਤਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਫਿਲਪੀਨਜ਼ ‘ਚ ਜੰਮੇ ਓਨਟਾਰੀਓ ਦੇ ਇਸ ਸੈਨੇਟਰ ਦੇ ਘਰ ‘ਚ ਉਨ੍ਹਾਂ ਦੀ ਪਤਨੀ ਰੋਸਮਰ ਤੇ ਤਿੰਨ ਧੀਆਂ-ਰਿਸਟਲ, ਰੀਜ਼ਾ ਤੇ ਰੋਸਲ ਰਹਿ ਗਈਆਂ ਹਨ। ਜਿਸ ਸਮੇਂ ਸੈਨੇਟਰ ਦੀ ਮੌਤ ਹੋਈ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਨਾਲ ਹੀ ਸੀ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵਲੋਂ 2012 ‘ਚ ਸੈਨੇਟ ‘ਚ ਨਿਯੁਕਤ ਕੀਤਾ ਗਿਆ ਸੀ। ਉਹ ਪਹਿਲੇ ਫਿਲਪੀਨੋ ਕੈਨੇਡੀਅਨ ਸਨ ਜਿਨ੍ਹਾਂ ਨੂੰ ਕੈਨੇਡੀਅਨ ਸੈਨੇਟ ‘ਚ ਬੈਠਣ ਦਾ ਮਾਣ ਮਿਲਿਆ। ਇਕ ਬਿਆਨ ‘ਚ ਸੈਨੇਟ ਦੇ ਸਪੀਕਰ ਜਾਰਜ ਫੁਰੇਅ ਨੇ ਆਖਿਆ ਕਿ ਸੈਨੇਟਰ ਐਨਵਰਗਾ ਨੂੰ ਪਿਆਰ ਨਾਲ ਸਾਰੇ ਜੁਨ ਬੁਲਾਉਂਦੇ ਸਨ। ਉਹ ਆਪਣੀ ਕਮਿਊਨਿਟੀ ਲਈ ਤਾਂ ਆਵਾਜ਼ ਉਠਾਉਂਦੇ ਹੀ ਸਨ ਸਗੋਂ ਗ੍ਰੇਟਰ ਟੋਰਾਂਟੋ ਏਰੀਆ ਦੀਆਂ ਕਈ ਕਮਿਊਨਿਟੀਜ਼ ਦੀ ਵੀ ਉਹ ਮਜ਼ਬੂਤ ਧਿਰ ਸਨ। ਫੁਰੇਅ ਨੇ ਆਖਿਆ ਕਿ ਉਨ੍ਹਾਂ ਨੂੰ ਹਮੇਸ਼ਾਂ ਅਸਮਰੱਥ ਲੋਕਾਂ ਤੇ ਮਲਟੀਕਲਚਰਿਜ਼ਮ ਦੀ ਪੈਰਵੀ ਕਰਨ ਲਈ ਚੇਤੇ ਰੱਖਿਆ ਜਾਵੇਗਾ।