ਮੈਨੀਟੋਬਾ— ਮੈਨੀਟੋਬਾ ਦੇ ਡਾਕੋਟਾ ਓਜੀਬਵੇ ਟ੍ਰੀਬਲ ਕੌਂਸਲ ਨੇ ਕਿਹਾ ਕਿ ਨਸ਼ੇ ਕਾਰਨ ਅਪਰਾਧ, ਕਤਲ ਤੇ ਸਿਹਤ ਸਬੰਧੀ ਸਮੱਸਿਆਵਾਂ ਜ਼ਿਆਦਾ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਇੰਨੀ ਮਾੜੀ ਹੈ ਕਿ ਮਾਂ ਵਲੋਂ ਕੀਤੇ ਨਸ਼ੇ ਕਾਰਨ 60 ਫੀਸਦੀ ਬੱਚਿਆਂ ‘ਚ ਜਨਮ ਤੋਂ ਬਾਅਦ ਮੋਰਫਿਨ ਦੇ ਸਿਮਟਮਜ਼ ਪਾਏ ਜਾਂਦੇ ਹਨ।
ਕੈਨੇਡਾ ਦੇ ਫਸਟ ਨੇਸ਼ਨ ਦੇ ਸੱਤ ਚੀਫਾਂ ਵਲੋਂ ਇਲਾਜ ਲਈ ਕੇਂਦਰ ਸਥਾਪਿਤ ਕਰਨ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਬਰੈਂਡੀਅਲ ਸਿਓਕਸ, ਡਿਕੋਟਾ ਟਿਪੀ, ਲੌਂਗ ਪਲੇਨ, ਰੋਸੋਓ ਨਦੀ ਦੇ ਅਨੀਸ਼ਿਨਾਬੋ, ਸੈਂਡੀ ਬੇਅ ਓਜੀਬਵੇਮ ਸਵੈਮ ਲੇਕ ਤੇ ਵੇਵੇਸੀਕੇਪੋ ਫਸਟ ਨੇਸ਼ਨ ਨੇ ਇਸ ਬਾਰੇ ਪ੍ਰੈੱਸ ਕਾਨਫਰੰਸ ਕੀਤੀ ਤੇ ਇਸ ਮਾਮਲੇ ‘ਤੇ ਸਰਕਾਰ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ। ਚੀਫਾਂ ਦਾ ਕਹਿਣਾ ਹੈ ਕਿ ਉਹ ਸਥਾਨਕ ਪੁਲਸ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਨਸ਼ੇ ਨੂੰ ਸਮਾਜ ‘ਚੋਂ ਬਾਹਰ ਰੱਖਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵਿਅਕਤੀ ਨਸ਼ੇ ਵੇਚਦਾ ਫੜਿਆ ਜਾਵੇ, ਉਸ ਨੂੰ ਇਲਾਕੇ ‘ਚੋਂ ਵੀ ਕੱਢ ਦੇਣਾ ਚਾਹੀਦਾ ਹੈ। ਨਸ਼ਾ ਕਰਨ ਵਾਲੇ ਲੋਕਾਂ ਦੇ ਇਲਾਜ ਲਈ ਸਰਕਾਰ ਦੀ ਮਦਦ ਦੀ ਲੋੜ ਹੈ। 
ਡਕੋਟਾ ਓਜੀਬਵੇ ਪੁਲਸ ਦੇ ਕਾਰਜਕਾਰੀ ਮੁਖੀ ਰਿਕ ਹੈਡਰ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਅਸੀਂ ਵਧੇਰੇ ਗੁੰਝਲਦਾਰ ਨਸ਼ੇ ਦੇਖ ਰਹੇ ਹਾਂ, ਜੋ ਬਜ਼ਾਰਾਂ ‘ਚ ਵਿੱਕ ਰਹੇ ਹਨ। ਇਨ੍ਹਾਂ ਨਸ਼ਿਆਂ ਨਾਲ ਆਪਰਾਧਿਕ ਮਾਮਲੇ ਤੇ ਕਤਲ ਵਰਗੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਵੱਖ-ਵੱਖ ਕਿਸਮ ਦੀਆਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਜਿਸ ‘ਚ ਸ਼ਰਾਬ ਤੇ ਮੈਥਮਫੈਟਾਮਾਈਨ ਵੀ ਸ਼ਾਮਲ ਹੈ।