ਟੋਰਾਂਟੋ— ਕੈਨੇਡਾ ‘ਚ ਵਿਰੋਧੀ ਧਿਰ ਨਿਊ ਡੈਮੋਕ੍ਰੋਟਿਕ ਪਾਰਟੀ ਦੇ ਨਵੇਂ ਚੁਣੇ ਗਏ ਲੀਡਰ ਜਗਮੀਤ ਸਿੰਘ ਨੇ ਕੈਨੇਡਾ ਦੀ ਸਰਕਾਰ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰਤ ‘ਚ ਫੈਲੀ 1984 ਦੀ ਹਿੰਸਾ ਨੂੰ ‘ਨਸਲਕੁਸ਼ੀ’ ਐਲਾਨਣ ਦੀ ਅਪੀਲ ਕੀਤੀ ਹੈ।
ਦਿੱਲੀ ਤੇ ਭਾਰਤ ਦੇ ਹੋਰ ਹਿੱਸਿਆਂ ‘ਚ ਹਿੰਸਾ ਫੈਲਣ ਦੀ 33 ਵੀਂ ਬਰਸੀ ਮਨਾਉਣ ਲਈ ਹਾਊਸ ਆਫ ਕਾਮਰਸ ‘ਚ ਇਕ ਬਿਆਨ ਜਾਰੀ ਕਰਦੇ ਹੋਏ ਐੱਨ.ਡੀ.ਪੀ. ਦੇ ਨਵੇਂ ਚੁਣੇ ਆਗੂ ਜਗਮੀਤ ਸਿੰਘ ਨੇ ਕਿਹਾ, ”ਓਨਟਾਰੀਓ ਵਿਧਾਨ ਸਭਾ ਨੇ ਇਨ੍ਹਾਂ ਅਤਿਆਚਾਰਾਂ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ ਤੇ ਮੈਂ ਇਸ ਸਥਾਨ ‘ਤੇ ਆਸ ਕਰਦਾ ਹਾਂ ਕਿ ਛੇਤੀ ਹੀ ਇਕ ਦਿਨ ਹਾਊਸ ਆਫ ਕਾਮਰਸ ਤੇ ਕੈਨੇਡਾ ਦੀ ਸਰਕਾਰ ਵੀ ਅਜਿਹਾ ਹੀ ਕਰੇਗੀ।”
ਕੈਨੇਡਾ ਦੀਆਂ ਤਿੰਨ ਮੁੱਖ ਸਿਆਸੀ ਪਾਰਟੀਆਂ ‘ਚੋਂ ਇਕ ਐੱਨ.ਡੀ.ਪੀ. ਦੇ ਮੁਖੀ 38 ਸਾਲਾਂ ਜਗਮੀਤ ਸਿੰਘ ਨੇ 1985 ਦੇ ਬੰਬ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਰਤਾ ਤਲਵਿੰਦਰ ਸਿੰਘ ਪਰਮਾਰ ਨੂੰ ਸਨਮਾਨਿਤ ਕਰਨ ਖਿਲਾਫ ਬੋਲਣ ਤੋਂ ਇਨਕਾਰ ਕਰਕੇ ਭਾਰਤ ਤੇ ਕੈਨੇਡਾ ‘ਚ ਵਿਵਾਦ ਖੜ੍ਹੇ ਕਰ ਦਿੱਤੇ ਸਨ ਤੇ ਹੁਣ ਜਗਮੀਤ ਸਿੰਘ ਦੇ ਅਜਿਹੇ ਬਿਆਨਾਂ ਕਾਰਨ ਵਿਵਾਦ ਖੜ੍ਹੇ ਕਰਨ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਐੱਨਡੀਪੀ ਆਗੂ ਦਾ ਬਿਆਨ ਅਜਿਹੇ ਵੇਲੇ ‘ਚ ਸਾਹਮਣੇ ਆਇਆ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਜਗਮੀਤ ਸਿੰਘ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਦੋਸ਼ ਲਾਏ ਸਨ।