ਵਿਨੀਪੈੱਗ: ਕੈਨੇਡਾ ਦੇ ਵਿਨੀਪੈੱਗ ਸ਼ਹਿਰ ਦੇ ਦੱਖਣੀ ਇਲਾਕਿਆਂ ਪ੍ਰੇਰੀਂ ਪੁਆਇੰਟ ਅਤੇ ਬ੍ਰਿਜ ਵਾਟਰ ਦੀ ਪਾਰਕਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਨਫ਼ਰਤ ਭਰੀਆਂ ਲਿਖਤਾਂ ਮਿਲਣ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਚਿੰਤਾ ਅਤੇ ਰੋਸ ਦਾ ਮਾਹੌਲ ਹੈ। ਪਾਰਕਾਂ ਦੇ ਰਸਤੇ, ਸੜਕਾਂ ਅਤੇ ਹੋਰ ਜਨਤਕ ਥਾਵਾਂ ‘ਤੇ ਸਪਰੇਅ ਪੇਂਟ ਨਾਲ ਲਿਖੇ ਸੁਨੇਹਿਆਂ ਵਿੱਚ ਭਾਰਤ ਵਿਰੋਧੀ ਨਾਅਰੇ, ਸਮਲਿੰਗੀ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਸ਼ਬਦ ਅਤੇ ਹਿੰਸਾ ਨੂੰ ਉਕਸਾਉਣ ਵਾਲੀਆਂ ਲਿਖਤਾਂ ਸ਼ਾਮਲ ਸਨ।

ਈਗਲਵੁੱਡ ਪਾਰਕ ਸਭ ਤੋਂ ਵੱਧ ਪ੍ਰਭਾਵਿਤ

ਸਭ ਤੋਂ ਵੱਧ ਗ੍ਰੈਫ਼ਿਟੀ ਈਗਲਵੁੱਡ ਪਾਰਕ ਵਿੱਚ ਮਿਲੀ, ਜਿੱਥੇ ਘੱਟੋ-ਘੱਟ 20 ਨਫ਼ਰਤ ਭਰੇ ਸੁਨੇਹੇ ਅਤੇ ਨਿਸ਼ਾਨ ਦਰਜ ਕੀਤੇ ਗਏ। ਇਲਾਕਾ ਵਾਸੀਆਂ ਦੇ ਮੁਤਾਬਕ ਨੇੜਲੇ ਹੋਰ ਦੋ ਪਾਰਕਾਂ ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਨੀਪੈੱਗ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਭਾਈਚਾਰੇ ਦੇ ਆਗੂਆਂ ਨੇ ਕੀਤੀ ਸਖ਼ਤ ਨਿੰਦਾ

ਪ੍ਰੇਰੀਂ ਪੁਆਇੰਟ ਨੇਬਰਹੁੱਡ ਐਸੋਸੀਏਸ਼ਨ ਦੀ ਮੈਂਬਰ ਅਤੇ ਵੇਵਰਲੀ ਵੈਸਟ ਵਾਰਡ ਤੋਂ ਸਿਟੀ ਕੌਂਸਲਰ ਉਮੀਦਵਾਰ ਜੈਸਮੀਨ ਬਰਾੜ ਨੇ ਇਸ ਘਟਨਾ ਦੀ ਤਿੱਖੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਬਹੁ-ਸਭਿਆਚਾਰਕ ਅਤੇ ਸ਼ਾਂਤਮਈ ਸਮਾਜ ਵਿੱਚ ਅਜਿਹੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਮੁਤਾਬਕ ਇਹ ਸਿਰਫ਼ ਕੰਧਾਂ ‘ਤੇ ਲਿਖੇ ਸ਼ਬਦ ਨਹੀਂ, ਸਗੋਂ ਇੱਕ ਪੂਰੇ ਭਾਈਚਾਰੇ ਨੂੰ ਡਰਾਉਣ ਅਤੇ ਵੰਡਣ ਦੀ ਕੋਸ਼ਿਸ਼ ਹਨ।

ਭਾਰਤੀ ਭਾਈਚਾਰੇ ਨੇ ਜਤਾਈ ਚਿੰਤਾ

ਭਾਰਤੀ ਮੂਲ ਦੇ ਸਥਾਨਕ ਵਸਨੀਕ ਵਿਪੁਲ ਪਰਜਾਪਤੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਹੋਰ ਦੱਖਣੀ ਏਸ਼ੀਆਈ ਪਰਿਵਾਰ ਰਹਿੰਦੇ ਹਨ। ਉਨ੍ਹਾਂ ਦੇ ਅਨੁਸਾਰ ਅਜਿਹੀਆਂ ਲਿਖਤਾਂ ਨੂੰ ਮਜ਼ਾਕ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਹ ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲੀ ਸੋਚ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਬਦਾਂ ਦਾ ਲੋਕਾਂ ‘ਤੇ ਡੂੰਘਾ ਅਸਰ ਪੈਂਦਾ ਹੈ, ਇਸ ਲਈ ਅਜਿਹੀਆਂ ਹਰਕਤਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ।

ਬੱਚਿਆਂ ‘ਤੇ ਅਸਰ ਅਤੇ ਕਾਰਵਾਈ ਦੀ ਮੰਗ

ਸਥਾਨਕ ਵਸਨੀਕ ਕੈਰਿਸਾ ਰੇਏਸ ਨੇ ਕਿਹਾ ਕਿ ਹਰ ਰੋਜ਼ ਕਈ ਬੱਚੇ ਇਨ੍ਹਾਂ ਪਾਰਕਾਂ ਵਿੱਚ ਖੇਡਣ ਆਉਂਦੇ ਹਨ ਅਤੇ ਨਫ਼ਰਤ ਭਰੇ ਸੁਨੇਹੇ ਉਨ੍ਹਾਂ ਦੇ ਮਨਾਂ ‘ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।

ਵੇਵਰਲੀ ਵੈਸਟ ਦੀ ਕੌਂਸਲਰ ਜੈਨਿਸ ਲੂਕਸ ਨੇ ਦੱਸਿਆ ਕਿ ਸ਼ਹਿਰੀ ਪ੍ਰਸ਼ਾਸਨ ਨੂੰ ਗ੍ਰੈਫ਼ਿਟੀ ਹਟਾਉਣ ਲਈ ਕਿਹਾ ਗਿਆ ਹੈ। ਹਾਲਾਂਕਿ ਲੰਬੇ ਵੀਕਐਂਡ ਕਾਰਨ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਤੇ ਨਸਲੀ ਨਫ਼ਰਤ ਵਾਲੇ ਸੁਨੇਹੇ ਲਿਖਣਾ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ।

ਨਸਲਵਾਦ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ

ਵੇਵਰਲੀ ਦੇ ਐਮਐਲਏ ਡੇਵਿਡ ਪੈਂਕਰੈਟਜ਼ ਨੇ ਕਿਹਾ ਕਿ ਮੈਨੀਟੋਬਾ ਵਿੱਚ ਨਫ਼ਰਤ ਅਤੇ ਨਸਲਵਾਦ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਿਨੀਪੈੱਗ ਅਤੇ ਮੈਨੀਟੋਬਾ ਦੇ ਬਹੁਤੇ ਲੋਕ ਪ੍ਰਭਾਵਿਤ ਭਾਈਚਾਰਿਆਂ ਦੇ ਨਾਲ ਖੜ੍ਹੇ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਬਹੁ-ਸਭਿਆਚਾਰਕ ਸਮਾਜ ਵਿੱਚ ਨਸਲੀ ਨਫ਼ਰਤ ਵਰਗੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਨੂੰ ਉਜਾਗਰ ਕੀਤਾ ਹੈ।