* ਭਾਰਤ ਵੱਲੋਂ ਆਪਣਾ ਹਾਈ ਕਮਿਸ਼ਨਰ ਅਤੇ ਹੋਰ ਸਟਾਫ ਵਾਪਸ ਬੁਲਾਉਣ ਦਾ ਐਲਾਨ
* ਕੈਨੇਡਾ ਨੇ ਕਿਹਾ ਕੈਨੇਡੀਅਨ ਸਿਟੀਜ਼ਨ ਦੇ ਕਤਲ ਸਬੰਧੀ ਜਾਂਚ ‘ਚ ਸਹਿਯੋਗ ਦੇ ਆਪਣੇ ਵਾਅਦੇ ਨੂੰ ਨਿਭਾਵੇ ਭਾਰਤ

ਟੋਰਾਂਟੋ (ਪੰਜਾਬ ਨਗਾਰਾ ) – ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕਿ ਪ੍ਰਗਟਾਈ ਗਈ ਦ੍ਰਿੜਤਾ ਤੋਂ ਬਾਅਦ ਭਾਰਤ ਦਾ ਹੁਣ ਸਖ਼ਤ ਪਰਤੀਕਰਮ ਆਇਆ ਹੈ । ਭਾਰਤ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਕੈਨੇਡਾ ਸਥਿੱਤ ਆਪਣੇ ਹਾਈ ਕਮਿਸ਼ਨਰ ਅਤੇ ਕੁਝ ਹੋਰ ਸਟਾਫ ਨੂੰ ਸੁਰੱਖਿਆ ਦਾ ਹਵਾਲਾ ਦਿੰਦਿਆਂ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ ।

ਇਸ ਐਲਾਨ ਤੋਂ ਪਹਿਲਾਂ ਭਾਰਤ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ਦੇ ਰਾਜਦੂਤ ਅਧਿਕਾਰੀ ਸਟੀਵਰਟ ਵੀਲਰ ਨੂੰ ਤਲਬ ਵੀ ਕੀਤਾ ਗਿਆ ਸੀ । ਇਸ ਮੌਕੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਅਧਿਕਾਰੀ ਨੂੰ ਸੂਚਿਤ ਕੀਤਾ ਸੀ ਕਿ ਕੈਨੇਡਾ ‘ਚ ਬਿਨਾਂ ਵਜਾ ਭਾਰਤ ਦੇ ਹਾਈ ਕਮਿਸ਼ਨਰ ਅਤੇ ਕੂਟਨੀਤਕਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ , ਜੋ ਸਵਿਕਾਰਨਯੋਗ ਨਹੀਂ ਹੈ । ਭਾਰਤ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਕੈਨੇਡਾ ਦੀ ਮੌਜੂਦਾ ਸਰਕਾਰ ‘ਤੇ ਉਹਨਾਂ ਦੇ ਕੂਟਨੀਤਕਾਂ ਦੀ ਸੁਰੱਖਿਆ ਨੂੰ ਲੈ ਕਿ ਕੋਈ ਭਰੋਸਾ ਨਹੀਂ ਰਿਹਾ । ਇਸ ਲਈ ਭਾਰਤ ਸਰਕਾਰ ਨੇ ਕੈਨੇਡਾ ‘ਚ ਹਾਈ ਕਮਿਸ਼ਨਰ ਸਮੇਤ ਉਨ੍ਹਾਂ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ ।

ਇਹ ਵੀ ਦੱਸਿਆ ਗਿਆ ਹੈ ਕਿ ਟਰੂਡੋ ਸਰਕਾਰ ਵੱਲੋਂ ਵੱਖਵਾਦ, ਹਿੰਸਾ ਅਤੇ ਕੱਟੜਵਾਦ ਨੂੰ ਜੋ ਉਤਸ਼ਾਹਿਤ ਕੀਤਾ ਜਾ ਰਿਹਾ ਹੈ , ਦੇ ਜਵਾਬ ‘ਚ ਭਾਰਤ ਸਰਕਾਰ ਹੋਰ ਕਦਮ ਚੁੱਕਣ ਦਾ ਅਧਿਕਾਰ ਰੱਖਦੀ ਹੈ ।

ਦੂਜੇ ਪਾਸੇ ਕੈਨੇਡਾ ਦੇ ਰਾਜਦੂਤ ਸਟੀਵਰਟ ਵੀਲਰ ਦਾ ਇਸ ਸੰਬੰਧੀ ਪ੍ਰਤੀਕਰਮ ਵੀ ਆਇਆ ਹੈ ਕਿ ਕੈਨੇਡਾ ਭਾਰਤ ਨੂੰ ਕੈਨੇਡੀਅਨ ਧਰਤੀ ‘ਤੇ ਉਨ੍ਹਾਂ ਦੇ ਨਾਗਰਿਕ ਦੇ ਕਤਲ ਦੇ ਪਿੱਛੇ ਭਾਰਤੀ ਏਜੰਟਾਂ ਦੇ ਸੰਬੰਧ ਜੁੜਨ ਦੇ ਪੁਖਤਾ ਸਬੂਤ ਮੁਹੱਈਆ ਕਰ ਚੁੱਕਾ ਹੈ , ਇਹ ਹੁਣ ਭਾਰਤ ਭਾਰਤ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਉਸ ਕੀਤੇ ਹੋਏ ਵਾਅਦੇ ਨੂੰ ਨਿਭਾਏ ਜਿਸ ‘ਚ ਉਸਨੇ ਉਪਰੋਕਤ ਕੈਨੇਡੀਅਨ ਸਿਟੀਜ਼ਨ ਦੇ ਕਤਲ ਸੰਬੰਧੀ ਦੋਸ਼ਾਂ ਦੀ ਜਾਂਚ ਕਰਨ ਦੀ ਗੱਲ ਕਹੀ ਸੀ ।

ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਫੈਸਲਾ ਕੈਨੇਡਾ ਸਰਕਾਰ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ ਜਿਸ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਚੱਲ ਰਹੀ ਜਾਂਚ ‘ਚ ਭਾਰਤੀ ਹਾਈ ਕਮਿਸ਼ਨਰ ਅਤੇ ਹੋਰ ਕੂਟਨੀਤਕਾਂ ਨੂੰ ਵੀ ਸ਼ਾਮਿਲ ਕਰਨ ਦੀ ਗੱਲ ਕਹੀ ਗਈ ਸੀ ।

ਦੱਸਣਯੋਗ ਹੈ ਕਿ ਬੀਤੇ ਸਾਲ ਜੂਨ ‘ਚ ਕੈਨੇਡਾ ਸਰੀ ਸ਼ਹਿਰ ‘ਚ ਗੁਰਦੁਆਰਾ ਦਸ਼ਮੇਸ਼ ਦਰਬਾਰ ਡੈਲਟਾ ਦੇ ਪ੍ਰਧਾਨ ਅਤੇ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ‘ਚ ਅਣਪਛਾਤੇ ਹਮਲਾਵਰਾਂ ਨੇ ਗੋਲੀਆ ਮਾਰ ਕਿ ਕਤਲ ਕਰ ਦਿੱਤਾ ਸੀ ।

ਬਾਅਦ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ‘ਚ ਇਸ ਗੱਲ ਦੇ ਦੋਸ਼ ਭਾਰਤ ਦੇ ਲਗਾਏ ਸਨ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਖੁਫੀਆ ਏਜੰਟਾਂ ਦਾ ਹੱਥ ਹੋ ਸਕਦਾ ਹੈ ।

ਇਹਨਾਂ ਦੋਸ਼ਾਂ ਤੋਂ ਬਾਅਦ ਭਾਰਤ-ਅਤੇ ਕੈਨੇਡਾ ਦੇ ਸੰਬੰਧ ਖਰਾਬ ਚਲੇ ਆ ਰਹੇ ਹਨ । ਹੁਣ ਤੱਕ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ.ਦੇ ਦੋਸ਼ ‘ਚ ਚਾਰ ਭਾਰਤੀ ਮੂਲ ਦੇ ਸ਼ੱਕੀ ਦੋਸ਼ੀਆ ਦੀ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਅਤੇ ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਵੀ ਚੈੱਕ ਗਣਰਾਜ ‘ਚ ਹੋਈ ਸੀ ਜਿਸਦਾ ਸੰਬੰਧ ਅਮਰੀਕ ‘ਚ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ.ਨੂੰ ਮਾਰਨ ਦੀ ਸਾਜਿਸ਼ ਰਚਣ ਅਤੇ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ.ਨਾਲ ਜੁੜਦਾ ਸੀ ।

ਬੀਤੇ ਦਿਨੀਂ ਦੱਖਣੀ ਪੂਰਬੀ ਦੋਸ਼ਾਂ ਦੇ ਇੱਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਸੀ ਜਿਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਅੱਗੇ ਆਪਣੇ ਨਾਗਰਿਕਾਂ ਸੁਰੱਖਿਆ ਨੂੰ ਲੈ ਕਿ ਆਪਣਾ ਸਟੈਂਡ ਦੁਬਾਰਾ ਸਪੱਸ਼ਟ ਕੀਤਾ ਸੀ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਕੈਨੇਡਾ ਦੀ ਪਹਿਲ ਹੈ ਅਤੇ ਭਾਰਤ ਕੈਨੇਡਾ ਦੇ ਕੈਨੇਡੀਅਨ ਸਿਟੀਜ਼ਨ ਦੇ ਕਤਲ ਸੰਬੰਧੀ ਲਗਾਏ ਗਏ ਦੋਸ਼ਾਂ ਨੂੰ ਗੰਭੀਰਤਾ ਨਾਲ. ਲਵੇ ।

(ਗੁਰਮੁੱਖ ਸਿੰਘ ਬਾਰੀਆ)