ਨਵੀਂ ਦਿੱਲੀ, 19 ਜੂਨ
ਕੈਨੇਡਾ ਅਧਾਰਿਤ ਖ਼ਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਐਤਵਾਰ ਰਾਤੀਂ ਸਰੀ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਨਿੱਝਰ ਭਾਰਤ ਵਿੱਚ ਅਤਿ-ਲੋੜੀਂਦੇ ਦਹਿਸ਼ਤਗਰਦਾਂ ਵਿਚੋਂ ਇਕ ਸੀ ਤੇ ਉਸ ਦੇ ਸਿਰ ’ਤੇ ਦਸ ਲੱਖ ਰੁਪਏ ਦਾ ਇਨਾਮ ਸੀ। ਨਿੱਝਰ ਪਿੱਛੋਂ ਜਲੰਧਰ ਦੇ ਪਿੰਡ ਭਾਰਸਿੰਘਪੁਰ ਦਾ ਵਸਨੀਕ ਸੀ। ਅਧਿਕਾਰੀਆਂ ਨੇ ਕਿਹਾ ਕਿ ਸਰੀ ਵਿੱਚ ਐਤਵਾਰ ਨੂੰ ਰਾਤ ਸਾਢੇ ਅੱਠ ਵਜੇ ਦੇ ਕਰੀਬ (ਸਥਾਨਕ ਸਮੇਂ ਅਨੁਸਾਰ) ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਇਕ ਕਾਰ ਵਿੱਚੋਂ ਨਿੱਝਰ ਦੀ ਲਾਸ਼ ਮਿਲੀ ਸੀ ਤੇ ਉਸ ਦੇ ਸਰੀਰ ’ਤੇ ਗੋਲੀਆਂ ਦੇ ਜ਼ਖ਼ਮ ਸਨ। ਨਿੱਝਰ ਇਸੇ ਗੁਰਦੁਆਰੇ ਦਾ ਪ੍ਰਧਾਨ ਵੀ ਸੀ। ਅਧਿਕਾਰੀਆਂ ਨੇ ਸ਼ੁਰੂਆਤੀ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਕਿ ਦੋ ਅਣਪਛਾਤਿਆਂ ਨੇ ਨਿੱਝਰ ਨੂੰ ਗੋਲੀਆਂ ਮਾਰੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਕੈਨੇਡੀਅਨ ਪੁਲੀਸ ਵੱਲੋਂ ਨਿੱਝਰ ਦੀ ਮ੍ਰਿਤਕ ਦੇਹ ਨੂੰ ਮੌਕੇ ਤੋਂ ਹਟਾਏ ਜਾਣ ਮੌਕੇ ਉਥੇ ਮੌਜੂਦ ਸਿੱਖਾਂ ਨੇ ਖਾਲਿਸਤਾਨ ਪੱਖੀ ਤੇ ਭਾਰਤ ਵਿਰੋਧੀ ਨਾਅਰੇ ਲਾਏ। ਨਿੱਝਰ ਭਾਰਤ ਵਿਚ ਦਹਿਸ਼ਤੀ ਕਾਰਵਾਈਆਂ ’ਚ ਕਥਿਤ ਸ਼ਮੂਲੀਅਤ ਲਈ ਅਤਿ-ਲੋੜੀਂਦੇ ਦਹਿਸ਼ਤਗਰਦਾਂ ’ਚੋਂ ਇਕ ਸੀ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਜੁਲਾਈ ਵਿੱਚ ਨਿੱਝਰ ਬਾਰੇ ਜਾਣਕਾਰੀ ਦੇਣ ਲਈ 10 ਲੱਖ ਰੁਪੲੇ ਦਾ ਇਨਾਮ ਐਲਾਨਿਆ ਸੀ। ਐੱਨਆਈਏ ਨੂੰ 2021 ਵਿੱਚ ਜਲੰਧਰ ’ਚ ਹਿੰਦੂ ਜਥੇਬੰਦੀ ਦੇ ਆਗੂ ’ਤੇ ਕੀਤੇ ਹਮਲੇ ਵਿੱਚ ਨਿੱਝਰ ਦੀ ਭਾਲ ਸੀ। ਐੱਨਆਈਏ ਨੇ ਨਿੱਝਰ ਸਿਰ ਇਨਾਮ ਐਲਾਨੇ ਜਾਣ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਉਸ ਅਤੇ ਤਿੰਨ ਹੋਰਨਾਂ ਖਿਲਾਫ਼ ਉਪਰੋਕਤ ਹਮਲੇ ਲਈ ਚਾਰਜਸ਼ੀਟ ਦਾਖ਼ਲ ਕੀਤੀ ਸੀ। ਐੱਨਆਈਏ ਮੁਤਾਬਕ ਨਿੱਝਰ ਵੱਖਵਾਦੀਆਂ ਤੇ ਖਾਲਿਸਤਾਨ ਪੱਖੀ ਸਮੂਹ ‘ਸਿੱਖਸ ਫਾਰ ਜਸਟਿਸ’ ਦੇ ਹਿੰਸਕ ਏਜੰਡੇ ਦਾ ਭਾਰਤ ਵਿੱਚ ਪ੍ਰਚਾਰ ਪਾਸਾਰ ਕਰ ਰਿਹਾ ਸੀ।