ਓਟਾਵਾ —ਇਥੇ ਮੈਰੀਜੁਆਨਾ ਨੂੰ ਇਸ ਸਾਲ ਦੇ ਅੰਦਰ ਕਾਨੂੰਨੀ ਮਾਨਤਾ ਮਿਲ ਜਾਵੇਗੀ। ਪਰ ਕੈਨੇਡੀਅਨ ਇਸ ਗੱਲ ਨੂੰ ਲੈ ਕੇ ਵੰਡੇ ਜਾ ਚੁੱਕੇ ਹਨ ਕਿ ਮੈਰੀਜੁਆਨਾ ਕਿੱਥੇ ਵੇਚੀ ਜਾਣੀ ਚਾਹੀਦੀ ਹੈ, ਇਸ ਦਾ ਸੇਵਨ ਕਰਨ ਦੀ ਕਾਨੂੰਨੀ ਉਮਰ ਕੀ ਹੋਣੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਨਵੇਂ ਸਰਵੇਖਣ ‘ਚ ਸਾਹਮਣੇ ਆਈਆਂ ਹਨ।
ਨੈਨੋਜ਼ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ 10 ‘ਚੋਂ 3 ਕੈਨੇਡੀਅਨ ਇਸ ਗੱਲ ‘ਤੇ ਸਹਿਮਤ ਹਨ ਕਿ ਮੈਰੀਜੁਆਨਾ ਦਾ ਸੇਵਨ ਕਰਨ ਦੀ ਘੱਟ ਤੋਂ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ, ਜਦਕਿ ਹੋਰ 10 ‘ਚੋਂ 3 ਕੈਨੇਡੀਅਨਾਂ ਦਾ ਇਹ ਮੰਨਣਾ ਹੈ ਕਿ ਇਹ ਉਮਰ 21 ਸਾਲ ਹੋਣੀ ਚਾਹੀਦੀ ਹੈ। ਬਹੁਤ ਘੱਟ ਲੋਕਾਂ ਦਾ ਇਹ ਕਹਿਣਾ ਹੈ ਕਿ ਉਮਰ ਦੀ ਹੱਦ ਤਾਂ ਵੱਖਰਾ ਮੁੱਦਾ ਹੈ ਪਰ ਮੈਰੀਜੁਆਨਾ ਦੇਸ਼ ‘ਚ ਗੈਰ-ਕਾਨੂੰਨੀ ਨਸ਼ੀਲਾ ਪਦਾਰਥ ਹੀ ਮੰਨਿਆ ਜਾਣਾ ਚਾਹੀਦਾ ਹੈ।
ਫੈਡਰਲ ਸਰਕਾਰ ਦੇ ਪ੍ਰਸਤਾਵਿਤ ਕਾਨੂੰਨ ਨਾਲ ਮੈਰੀਜੁਆਨਾ ਦੀ ਵਿੱਕਰੀ 18 ਸਾਲ ਜਾਂ ਇਸ ਤੋਂ ਵਧ ਉਮਰ ਦੇ ਲੋਕਾਂ ਤੱਕ ਸੀਮਤ ਹੋ ਜਾਵੇਗੀ। ਕੁੱਝ ਮੈਡੀਕਲ ਗਰੁੱਪ ਇਸ ਲਈ 21 ਸਾਲ ਉਮਰ ਨਿਰਧਾਰਤ ਕਰਨ ਦੀ ਅਪੀਲ ਵੀ ਕਰ ਰਹੇ ਹਨ।
ਸਰਵੇਖਣ ਮੁਤਾਬਕ ਇਸ ਗੱਲ ਨੂੰ ਲੈ ਕੇ ਵੀ ਕੈਨੇਡੀਅਨ ਵੰਡੇ ਹੋਏ ਲੱਗਦੇ ਹਨ ਕਿ ਮੈਰੀਜੁਆਨਾ ਨੂੰ ਵੇਚਿਆ ਕਿੱਥੇ ਜਾਵੇ। 29 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਦੀ ਪਹੁੰਚ ਦੇ ਸਬੰਧ ‘ਚ ਨਿਯਮ ਤੇ ਰੈਗੂਲੇਸ਼ਨਜ਼ ਹਨ, ਉਦੋਂ ਤੱਕ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਨੂੰ ਕਿੱਥੇ ਵੇਚਿਆ ਜਾਵੇ। ਜਿਹੜੇ ਚਾਹੁੰਦੇ ਹਨ ਕਿ ਇਸ ਦੀ ਵਿੱਕਰੀ ਗੈਰ ਸਰਕਾਰੀ ਸਟੋਰਾਂ ਜਿਵੇਂ, ਕਿ ਫਾਰਮੇਸੀਜ਼ ਅਤੇ ਸੈਪਸ਼ਿਐਲਟੀ ਦੀਆਂ ਦੁਕਾਨਾਂ ‘ਚ ਹੋਵੇ ਉਨ੍ਹਾਂ ਦੀ ਗਿਣਤੀ 26 ਫੀਸਦੀ ਹੈ। ਬਾਕੀਆਂ ਦਾ ਕਹਿਣਾ ਹੈ ਕਿ ਇਸ ਨੂੰ ਗੈਰ-ਕਾਨੂੰਨੀ ਹੀ ਮੰਨਿਆ ਜਾਣਾ ਚਾਹੀਦਾ ਹੈ ਅਤੇ ਥੋੜ੍ਹੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਇਸ ਬਾਰੇ ਕੋਈ ਪੱਕੀ ਸਲਾਹ ਨਹੀਂ ਹੈ।
ਜਦੋਂ ਸਵਾਲ ਸਰਕਾਰ ਦਾ ਆਉਂਦਾ ਹੈ ਤਾਂ 57 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਹੀ ਇਹ ਬੀੜਾ ਚੁੱਕਣਾ ਚਾਹੀਦਾ ਹੈ ਜਦਕਿ 32 ਫੀਸਦੀ ਦਾ ਕਹਿਣਾ ਹੈ ਕਿ ਇਹ ਫੈਸਲਾ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ।