ਟੋਰਾਂਟੋ : ਕੈਨੇਡਾ ’ਚ ਪੰਜਾਬੀ ਮੂਲ ਦਾ ਇਕ ਕੈਬ ਡਰਾਈਵਰ ਇਕ ਗਰਭਵਤੀ ਔਰਤ ਲਈ ਮਸੀਹਾ ਬਣ ਕੇ ਉਭਰਿਆ ਹੈ। ਭਾਰਤੀ ਮੂਲ ਦੇ ਇਸ ਡਰਾਈਵਰ ਦੀ ਚਰਚਾ ਪੂਰੇ ਕੈਨੇਡਾ ਵਿੱਚ ਹੋ ਰਹੀ ਹੈ। ਰਿਪੋਰਟਾਂ ਦੇ ਅਨੁਸਾਰ, ਇੱਕ ਭਾਰਤੀ ਮੂਲ ਦੇ ਕੈਬ ਡਰਾਈਵਰ ਨੇ ਇੱਕ ਗਰਭਵਤੀ ਔਰਤ ਅਤੇ ਉਸਦੇ ਸਾਥੀ ਨੂੰ ਯਾਤਰੀਆਂ ਵਜੋਂ ਲਿਆ ਅਤੇ ਇੱਕ ਠੰਡੀ ਰਾਤ ਨੂੰ ਤਿੰਨਾਂ ਲੋਕਾਂ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ। ਔਰਤ ਨੇ ਕੈਬ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ ਸੀ।
ਰਿਪੋਰਟਾਂ ਦੇ ਅਨੁਸਾਰ, ਕੈਲਗਰੀ ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਨੇ ਪਿਛਲੇ ਸ਼ਨੀਵਾਰ ਦੇਰ ਰਾਤ ਇੱਕ ਡਿਸਪੈਚ ਕਾਲ ਦਾ ਜਵਾਬ ਦਿੱਤਾ, ਜਿਸ ਵਿੱਚ ਉਸਨੂੰ ਦੱਸਿਆ ਗਿਆ ਕਿ ਇਹ ਹਸਪਤਾਲ ਲਈ ਇੱਕ ਜ਼ਰੂਰੀ ਸਵਾਰੀ ਹੈ। ਬਾਅਦ ’ਚ ਉਸ ਨੂੰ ਪਤਾ ਲਗਿਆ ਕਿ ਔਰਤ ਗਰਭਵਤੀ ਸੀ ਅਤੇ ਉਹ ਛੇਤੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਸੀ। ਰਿਪੋਰਟਾਂ ਦੇ ਅਨੁਸਾਰ ਇਕ ਗਰਭਵਤੀ ਔਰਤ ਸੀ ਅਤੇ ਉਸ ਨਾਲ ਮੌਜੂਦ ਵਿਅਕਤੀ ਉਸ ਨੂੰ ਟੈਕਸੀ ਵਿਚ ਬਿਠਾਉਣ ’ਚ ਮਦਦ ਕਰ ਰਿਹਾ ਸੀ। ਉਹ ਦਰਦ ’ਚ ਸੀ। ਤੂਰ ਨੇ ਜੋੜੇ ਨੂੰ ਪ੍ਰੇਸ਼ਾਨ ਵੇਖ ਕੇ ਸਥਿਤੀ ਦੀ ਗੰਭੀਰਤਾ ਨੂੰ ਤੁਰਤ ਭਾਂਪ ਲਿਆ। ਤੂਰ ਨੇ ਕਿਹਾ ਮੈਂ ਮਨ ’ਚ ਸੋਚਿਆ ਕਿ ਮੈਨੂੰ ਐਂਬੂਲੈਂਸ ਸੱਦਣੀ ਚਾਹੀਦੀ ਹੈ ਪਰ ਮੌਸਮ ਨੂੰ ਵੇਖਦਿਆਂ ਮੈਂ ਸੋਚਿਆ ਕਿ ਸ਼ਾਇਦ ਇਹ ਸਹੀ ਫ਼ੈਸਲਾ ਨਹੀਂ ਹੋਵੇਗਾ।
ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਚਿਹਰਿਆਂ ਤੋਂ ਲਗ ਰਿਹਾ ਸੀ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ। ਇਸ ਲਈ ਮੈਂ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ। ਤੂਰ ਲਈ ਹਸਪਤਾਲ ਤਕ 30 ਮਿੰਟਾਂ ਦਾ ਸਫ਼ਰ ਹੁਣ ਤਕ ਦਾ ਸਭ ਤੋਂ ਲੰਮਾ ਸਫ਼ਰ ਸੀ। ‘ਤੂਰ ਨੇ ਕਿਹਾ ਕਿ ਸਿਫ਼ਰ ਤੋਂ ਕਰੀਬ 23 ਡਿਗਰੀ ਹੇਠਾਂ ਤਾਪਮਾਨ, ਤੂਫ਼ਾਨੀ ਮੌਸਮ ਅਤੇ ਫਿਸਲਣ ਭਰੀਆਂ ਸੜਕਾਂ ਨੂੰ ਪਾਰ ਕਰਦਿਆਂ ਉਸ ਦਾ ਇਕੋ-ਇਕ ਟੀਚਾ ਜੋੜੇ ਨੂੰ ਜਲਦ ਤੋਂ ਜਲਦ ਅਤੇ ਸੁਰੱਖਿਅਤ ਹਸਪਤਾਲ ਤਕ ਪਹੁੰਚਾਉਣਾ ਸੀ।
ਹਾਲਾਂਕਿ ਔਰਤ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਟੈਕਸੀ ਦੀ ਪਿਛਲੀ ਸੀਟ ਉਤੇ ਬੱਚੇ ਨੂੰ ਜਨਮ ਦੇ ਦਿਤਾ ਸੀ। ਤੂਰ ਨੇ ਕਿਹਾ, ‘‘ਮੈਂ ਰੁਕਿਆ ਨਹੀਂ ਅਤੇ ਮੈਂ ਬਸ ਸੋਚ ਰਿਹਾ ਸੀ ਕਿ ਉਨ੍ਹਾਂ ਨੂੰ ਜਿੰਨੀ ਛੇਤੀ ਹੋ ਸਕੇ ਹਸਪਤਾਲ ਪਹੁੰਚਾਇਆ ਜਾਣਾ ਚਾਹੀਦਾ ਹੈ ਤਾਕਿ ਉਨ੍ਹਾਂ ਨੂੰ ਇਲਾਜ ’ਚ ਮਦਦ ਮਿਲ ਸਕੇ।’’
ਜਿਉਂ ਹੀ ਉਹ ਹਸਪਤਾਲ ਪਹੁੰਚੇ, ਹਸਪਤਾਲ ਦੇ ਮੁਲਾਜ਼ਮ ਤੁਰਤ ਬਾਹਰ ਆਏ ਅਤੇ ਜੋੜੇ ਤੇ ਨਵਜੰਮੇ ਬੱਚੇ ਦੀ ਮਦਦ ਕੀਤੀ। ਤੂਰ ਨੇ ਕਿਹਾ ਕਿ ਹਸਪਤਾਲ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਚਾਰ ਸਾਲ ਤੋਂ ਟੈਕਸੀ ਚਲਾ ਰਹੇ ਤੂਰ ਨੇ ਕਿਹਾ, ‘‘ਇਹ ਮੇਰਾ ਪਹਿਲਾ ਤਜਰਬਾ ਹੈ ਕਿ ਮੈਂ ਦੋ ਲੋਕਾਂ ਨੂੰ ਅਪਣੀ ਟੈਕਸੀ ’ਚ ਬਿਠਾਇਆ ਅਤੇ ਤਿੰਨ ਲੋਕਾਂ ਨੂੰ ਬਾਹਰ ਉਤਾਰਿਆ।’’ ਉਨ੍ਹਾਂ ਨੇ ਇਸ ਨੂੰ ਇਕ ਮਾਣ ਦਾ ਪਲ ਦਸਿਆ ਹੈ।














