ਟੋਰਾਂਟੋ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਰੇਡੀਓ ਰੈੱਡ ਐਫਐਮ ਕੈਲਗਰੀ ਦੇ ਨਿਊਜ਼ ਐਡੀਟਰ ਰਿਸ਼ੀ ਨਾਗਰ ‘ਤੇ ਹਮਲਾ ਕੀਤਾ ਗਿਆ। ਅੱਜ ਰੀਓ ਬੈਂਕੁਏਟ ਹਾਲ ਤੋਂ ਮੀਟਿੰਗ ਤੋਂ ਬਾਹਰ ਨਿਕਲਦੇ ਸਮੇਂ ਕੁਝ ਅਣਪਛਾਤੇ ਨੌਜਵਾਨਾਂ ਨੇ ਰਿਸ਼ੀ ਨਾਗਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਨ੍ਹਾਂ ਨੂੰ ਕੁਝ ਸੱਟਾਂ ਵੀ ਲੱਗੀਆਂ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ। ਫਿਲਹਾਲ ਹਮਲਾਵਰ ਦੀ ਪਛਾਣ ਹੋ ਗਈ ਹੈ। ਪੁਲਸ ਨੇ ਹਮਲਾਵਰ ‘ਤੇ ਦੋਸ਼ ਲਗਾਇਆ ਹੈ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਉਹ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਨ। ਇਹ ਹਮਲਾ ਵਿਚਾਰਾਂ ਅਤੇ ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਹੈ। ਜਿਸ ਨੂੰ ਕਿਸੇ ਵੀ ਸੱਭਿਅਕ ਸਮਾਜ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਕੈਲਗਰੀ ਪੁਲਸ ਅਤੇ ਅਲਬਰਟਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਸਾਡੇ ਸਮਾਜ ਵਿੱਚ ਅਜਿਹੀਆਂ ਹਿੰਸਕ ਘਟਨਾਵਾਂ ਪਿਛਲੇ ਸਮੇਂ ਤੋਂ ਆਮ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਹਫ਼ਤੇ ਹੀ ਕੁਝ ਨੌਜਵਾਨਾਂ ਵੱਲੋਂ ਸਥਾਨਕ ਕਾਰੋਬਾਰੀਆਂ ਤੋਂ ਫਿਰੌਤੀ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧੀ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਇਕੱਤਰ ਹੋਏ ਆਮ ਲੋਕਾਂ ਨੇ ਇਸ ਸਬੰਧੀ ਗੰਭੀਰ ਚਿੰਤਾ ਪ੍ਰਗਟਾਈ ਸੀ। ਅਸੀਂ ਸਮੁੱਚੇ ਭਾਈਚਾਰੇ ਅਤੇ ਸਾਰੀਆਂ ਸੰਸਥਾਵਾਂ ਨੂੰ ਅਜਿਹੀਆਂ ਹਿੰਸਕ ਕਾਰਵਾਈਆਂ ਵਿਰੁੱਧ ਖੁੱਲ੍ਹ ਕੇ ਅੱਗੇ ਆਉਣ ਦੀ ਅਪੀਲ ਕਰਦੇ ਹਾਂ।