ਟੋਰਾਂਟੋ— ਕੈਨੇਡਾ ਨੇ ਆਪਣੇ ਦੇਸ਼ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਕੈਨੇਡਾ ਨੇ ਇਸ ਸਾਲ 15 ਅਗਸਤ ਤੱਕ 5,529 ਲੋਕਾਂ, ਜੋ ਕਿ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ‘ਚ ਦਾਖਲ ਹੋਏ ਸਨ, ਨੂੰ ਡਿਪੋਰਟ ਕਰ ਦਿੱਤਾ ਹੈ, ਜਦਕਿ 2016 ‘ਚ ਕੁੱਲ 7,357 ਲੋਕਾਂ ਨੂੰ ਹੀ ਡਿਪੋਰਟ ਕੀਤਾ ਗਿਆ ਸੀ।
ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਨੇ ਦੱਸਿਆ ਕਿ 433 ਪ੍ਰਵਾਸੀਆਂ ਨੂੰ ਮੈਕਸਿਕੋ ਡਿਪੋਰਟ ਕੀਤਾ ਗਿਆ ਹੈ, ਜਦਕਿ 2016 ਦੇ ਪੂਰੇ ਵਰ੍ਹੇ ਦੌਰਾਨ ਕੁੱਲ 719 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ। ਇਸੇ ਤਰ੍ਹਾਂ ਹੈਤੀ ਡਿਪੋਰਟ ਕੀਤੇ ਪ੍ਰਵਾਸੀਆਂ ਦੀ ਗਿਣਤੀ 474 ਦਰਜ ਕੀਤੀ ਗਈ, ਜੋ ਕਿ ਪਿਛਲੇ ਸਾਲ ਸਿਰਫ 100 ਦੇ ਕਰੀਬ ਸੀ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਅਮਰੀਕਾ ਦੇ ਰਸਤੇ ਪੈਦਲ ਹੀ ਕੈਨੇਡਾ ‘ਚ ਦਾਖਲ ਹੋ ਰਹੇ ਸ਼ਰਣਾਰਥੀਆਂ ਨੂੰ ਵੇਖਦਿਆਂ ਡਿਪੋਰਟ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ।