ਓਟਾਵਾ— ਕੈਨੇਡਾ ‘ਚ ਅਮਰੀਕਾ ਦੀ ਨਵੀਂ ਸ਼ਫੀਰ ਕੈਲੀ ਕ੍ਰਾਫਟ ਨੇ ਸੋਮਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਕੈਲੀ ਕ੍ਰਾਫਟ ਦੀ ਕੈਨੇਡਾ ‘ਚ ਆਮਦ ਅਜਿਹੇ ਵੇਲੇ ‘ਚ ਹੋਈ ਹੈ ਜਦੋਂ ਦੋਵਾਂ ਮੁਲਕਾਂ ਵਿਚਕਾਰ ਮੁਕਤ ਵਪਾਰ ਨੂੰ ਲੈ ਕੇ ਕਸ਼-ਮ-ਕਸ਼ ਚੱਲ ਰਹੀ ਹੈ। ਪਿੱਛਲੇ ਹਫਤੇ ਖਤਮ ਹੋਈ ਤਿੰਨ ਧਿਰੀ ਗੱਲਬਾਤ ਦੌਰਾਨ ਪਹਿਲੀ ਵਾਰ ਅਮਰੀਕਾ ਤੇ ਕੈਨੇਡਾ ਨੇ ਜਨਤਕ ਤੌਰ ‘ਤੇ ਇਕ ਦੂਜੇ ਨੂੰ ਭੰਡਿਆ ਸੀ।
ਕੈਲੀ ਕ੍ਰਾਫਟ ਦੀ ਨਿਯੁਕਤੀ ਭਾਵੇਂ ਟਰੰਪ ਸਰਕਾਰ ਨੇ ਕੀਤੀ ਪਰ ਉਨ੍ਹਾਂ ਦੇ ਪਹਿਲੇ ਸੰਬੋਧਨ ‘ਚ ਸਾਬਕਾ ਅਮਰੀਕੀ ਰਾਸ਼ਟਰਪਤੀ ਕੈਨੇਡੀ ਦੇ ਵਿਚਾਰਾਂ ਦੀ ਮਹਿਕ ਮਹਿਸੂਸ ਕੀਤੀ ਗਈ। ਕੈਨੇਡਾ ‘ਚ ਅਮਰੀਕੀ ਸਫੀਰ ਦੀ ਜ਼ਿੰਮੇਦਾਰੀ ਸੰਭਾਲਣ ਵਾਲੀ ਕੈਲੀ ਪਹਿਲੀ ਮਹਿਲਾ ਵੀ ਹੈ। ਇਸ ਮੌਕੇ ਕੈਲੀ ਨੇ ਕਿਹਾ ਕਿ ਜੇਕਰ ਮੈਂ ਕੈਨੇਡੀ ਦੇ ਵਿਚਾਰਾਂ ਨੂੰ ਦੁਹਰਾਵਾਂ ਤਾਂ ਆਪਣੇ ਆਪ ਨੂੰ ਦੋਸਤਾਂ ਦੇ ਦਰਮਿਆਨ ਬੈਠਾਂ ਪਾਵਾਂਗੀ। ਇਸ ਮੌਕੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੈਲੀ ਦਾ ਭਰਵਾਂ ਸਵਾਗਤ ਕੀਤਾ।