ਮੋਹਾਲੀ- 3ਬੀ2 ਵਿਚ ਕੇ. ਜੇ. ਸਿੰਘ ਤੇ ਉਸਦੀ ਮਾਂ ਗੁਰਚਰਨ ਕੌਰ ਦੀ ਬੜੀ ਹੀ ਬੇਰਹਿਮੀ ਨਾਲ ਹੋਈ ਹੱਤਿਆ ਦੇ ਮਾਮਲੇ ਨੇ ਪੰਜਾਬ ਦੇ ਸੀ. ਐੱਮ. ਵਲੋਂ ਬਣਾਈ ਗਈ ਐੱਸ. ਆਈ. ਟੀ. ਵਿਚ ਸ਼ਾਮਲ ਸੀਨੀਅਰ ਅਫਸਰਾਂ ਦੀ ਨੀਂਦ ਤਕ ਉਡਾ ਦਿੱਤੀ ਹੈ । ਆਈ. ਜੀ. ਤੋਂ ਲੈ ਕੇ ਸਬ ਇੰਸਪੈਕਟਰ ਤਕ ਸਵੇਰੇ 4 ਵਜੇ ਤਕ ਕੇਸ ਦੀ ਜਾਂਚ ਵਿਚ ਜੁਟੇ ਹੋਏ ਹਨ, ਨਾਲ ਹੀ ਮੰਗਲਵਾਰ ਨੂੰ ਵੀ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਇੰਡਸਟ੍ਰੀਅਲ ਏਰੀਆ ਫੇਜ਼-8 ਚੌਕੀ ਵਿਚ ਮੌਜੂਦ ਸਨ। ਡਬਲ ਮਰਡਰ ਕੇਸ ਨੂੰ 10 ਦਿਨ ਬੀਤ ਚੁੱਕੇ ਹਨ ਪਰ ਹੁਣ ਤਕ ਪੁਲਸ ਵਲੋਂ ਕੇਸ ਨਾਲ ਜੁੜਿਆ ਕੋਈ ਵੀ ਬਹੁਤ ਖੁਲਾਸਾ ਨਹੀਂ ਕੀਤਾ ਗਿਆ ਹੈ ।
ਸੂਤਰਾਂ ਅਨੁਸਾਰ ਇੰਡਸਟ੍ਰੀਅਲ ਏਰੀਏ ਵਿਚ ਫੇਜ਼-8 ਚੌਕੀ ਵਿਚ 1 ਹਫਤੇ ਤੋਂ ਪੁਲਸ ਦੇ ਸੀਨੀਅਰ ਅਫਸਰਾਂ ਵਲੋਂ ਰਾਤ ਨੂੰ ਮੀਟਿੰਗ ਕੀਤੀ ਜਾ ਰਹੀ ਹੈ, ਜੋ ਸਵੇਰੇ 8 ਵਜੇ ਤਕ ਚੱਲਦੀ ਹੈ। ਮੀਟਿੰਗ ਵਿਚ ਆਈ. ਜੀ. ਕ੍ਰਾਈਮ, ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ, ਐੱਸ. ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ, ਡੀ. ਐੱਸ. ਪੀ. ਆਲਮ ਫਤਿਹ ਸਿੰਘ, ਐੱਸ. ਐੱਚ. ਓ. ਫੇਜ਼-1 ਸੁਖਵਿੰਦਰ ਸਿੰਘ, ਚੌਕੀ ਇਚਾਰਜ ਰਾਮਦਰਸ਼ਨ ਤੇ ਹੋਰ ਐੱਸ. ਐੱਚ. ਓ. ਵੀ ਮੌਜੂਦ ਹੁੰਦੇ ਹਨ। ਪੂਰੀ ਰਾਤ ਪੁਲਸ ਦੇ ਅਫਸਰ ਇਸ ਕੇਸ ਬਾਰੇ ਹੀ ਚਰਚਾ ਕਰਦੇ ਹਨ ।
ਸਾਈਬਰ ਦੀ ਮਦਦ ਨਾਲ ਮੁਲਜ਼ਮਾਂ ਤਕ ਪੁੱਜਣ ‘ਚ ਲੱਗੇ ਅਧਿਕਾਰੀ
ਚੌਕੀ ਇਚਾਰਜ ਰਾਮਦਰਸ਼ਨ ਸਾਈਬਰ ਦਾ ਕਾਫ਼ੀ ਮਾਹਿਰ ਹੈ ਅਤੇ ਫੇਜ਼-8 ਚੌਕੀ ਵਿਚ ਸਾਈਬਰ ਨਾਲ ਜੁੜਿਆ ਪੂਰਾ ਸਿਸਟਮ ਲੱਗਿਆ ਹੋਇਆ ਹੈ । ਸ਼ਹਿਰ ਦੇ ਸਾਰੇ ਥਾਣਿਆਂ ਦੇ ਕੇਸ ਜ਼ਿਆਦਾਤਰ ਸਟੇਟ ਸਾਈਬਰ ਸੈੱਲ ‘ਚ ਭੇਜਣ ਦੀ ਬਜਾਏ ਇਸ ਚੌਕੀ ਵਿਚ ਟਰੇਸ ਕਰ ਕੇ ਹੱਲ ਕੀਤੇ ਜਾਂਦੇ ਹਨ। ਸਿੰਘ ਕਤਲ ਕੇਸ ਵਿਚ ਵੀ ਪੁਲਸ ਦੀ ਹੁਣ ਆਖਰੀ ਉਮੀਦ ਸਾਈਬਰ ‘ਤੇ ਹੀ ਟਿਕੀ ਹੋਈ ਹੈ, ਜਿਸ ਕਾਰਨ ਪੁਲਸ ਅਧਿਕਾਰੀ ਕੇ. ਜੇ. ਸਿੰਘ ਵਲੋਂ ਜਿੰਨੇ ਵੀ ਫੋਨ ਨੰਬਰ ਵਰਤੇ ਗਏ ਸਨ, ਉਨ੍ਹਾਂ ਸਾਰਿਆਂ ਦੀ ਜਾਂਚ ਸਾਈਬਰ ਰਾਹੀਂ ਕਰਵਾ ਰਹੇ ਹਨ, ਤਾਂ ਕਿ ਪਤਾ ਲੱਗ ਸਕੇ ਕਿ ਉਹ ਫੋਨ ‘ਤੇ ਸਭ ਤੋਂ ਜ਼ਿਆਦਾ ਕਿਸ ਦੇ ਸੰਪਰਕ ਵਿਚ ਸੀ ਤੇ ਉਸ ਦੀ ਫੇਸਬੁੱਕ ‘ਤੇ ਵੀ ਉਹ ਕਿਸ-ਕਿਸ ਨਾਲ ਸੰਪਰਕ ਵਿਚ ਸੀ । ਪੁਲਸ ਹੁਣ ਸਾਈਬਰ ਰਾਹੀਂ ਛੋਟੇ ਕਿਸੇ ਸੁਰਾਗ ਦੀ ਭਾਲ ਕਰ ਰਹੀ ਹੈ, ਜਿਸ ਨਾਲ ਪੁਲਸ ਦੇ ਹੱਥ ਵਿਚ ਪੁਖਤਾ ਸਬੂਤ ਆ ਸਕੇ ਤੇ ਪੁਲਸ ਮੁਲਜ਼ਮਾਂ ਨੂੰ ਸਬੂਤ ਨਾਲ ਗ੍ਰਿਫਤਾਰ ਕਰ ਸਕੇ ।
ਨਾਲ ਹੀ ਕੇ. ਜੇ. ਸਿੰਘ ਤੋਂ ਇਲਾਵਾ ਪੁਲਸ ਉਸ ਦੇ ਕਰੀਬੀਆਂ ਦੇ ਮੋਬਾਇਲ ਫੋਨ ਦਾ ਡਾਟਾ ਵੀ ਚੈੱਕ ਕਰ ਰਹੀ ਹੈ ਕਿ ਕੇ. ਜੇ. ਸਿੰਘ ਤੇ ਗੁਰਚਰਨ ਕੌਰ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ ਤੇ ਹੱਤਿਆ ਵਾਲੇ ਦਿਨ ਸਿੰਘ ਦੇ ਕਰੀਬੀ ਕਿਸ-ਕਿਸ ਦੇ ਸੰਪਰਕ ਵਿਚ ਰਹੇ ਸਨ। ਨਿਯਮ ਦੱਸਦੇ ਹਨ ਕਿ ਜਿਸ ਰਾਤ ਨੂੰ ਸਿੰਘ ਦੀ ਹੱਤਿਆ ਕੀਤੀ ਗਈ, ਉਸੇ ਸ਼ਾਮ ਨੂੰ 7:21 ਵਜੇ ਉਸਦੇ ਮੋਬਾਇਲ ‘ਤੇ ਇਕ ਕਾਲ ਆਈ ਸੀ, ਜਦੋਂ ਪੁਲਸ ਨੇ ਉਸ ਕਾਲ ਦੀ ਜਾਂਚ ਕੀਤੀ ਤਾਂ ਉਹ ਕੇ. ਜੇ. ਸਿੰਘ ਦੇ ਪਰਿਵਾਰ ਦੇ ਮੈਂਬਰ ਦਾ ਹੀ ਫੋਨ ਨੰਬਰ ਸੀ ।
ਲਾਪਤਾ ਭੈਣ ਤੇ ਭਾਣਜੀ ਦਾ ਵੀ ਨਹੀਂ ਲੱਗਾ ਕੋਈ ਪਤਾ
ਕੇ. ਜੇ. ਸਿੰਘ ਦੀ ਭੈਣ ਤੇ ਭਾਣਜੀ, ਜੋ ਉਨ੍ਹਾਂ ਨਾਲ ਹੀ ਰਹਿੰਦੀ ਸੀ, ਉਹ 9 ਸਾਲ ਪਹਿਲਾਂ ਘਰ ਛੱਡ ਕੇ ਚਲੀਆਂ ਗਈਆਂ ਸਨ । ਭਾਣਜੀ ਖਿਲਾਫ ਅਪਰਾਧਿਕ ਕੇਸ ਵੀ ਦਰਜ ਦੱਸਿਆ ਜਾ ਰਿਹਾ ਹੈ । ਇਨ੍ਹਾਂ ਦੋਵਾਂ ਨੇ ਘਰ ਕਿਉਂ ਛੱਡਿਆ, ਇਸ ਸਬੰਧੀ ਪੁਲਸ ਨੂੰ ਅਜੇ ਤਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਇਨ੍ਹਾਂ ਦੋਵਾਂ ਦੀ ਭਾਲ ਵਿਚ ਲੱਗੀ ਹੋਈ ਹੈ ਕਿ ਕਿਤੇ ਇਨ੍ਹਾਂ ਦੇ ਮਿਲਣ ਨਾਲ ਪੁਲਸ ਨੂੰ ਕੇ. ਜੇ. ਤੇ ਉਸ ਦੀ ਮਾਂ ਦੇ ਹੱਤਿਆ ਸਬੰਧੀ ਕੋਈ ਸੁਰਾਗ ਮਿਲ ਜਾਵੇ । ਇਨ੍ਹਾਂ ਦੋਵਾਂ ਨੇ ਘਰ ਕਿਉਂ ਛੱਡਿਆ, ਇਸ ਸਬੰਧੀ ਪੁਲਸ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।