ਚੰਡੀਗੜ੍ਹ, 2 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਮ ਆਦਮੀ ਪਾਰਟੀ ਨੂੰ ਕਾਲੇ ਅੰਗਰੇਜ਼ ਕਹਿਣ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਸ ਦਾ ਰੰਗ ਭਾਵੇਂ ਕਾਲਾ ਹੈ ਪਰ ਉਸ ਦੀ ਮਨਸ਼ਾ ਬਿਲਕੁੱਲ ਸਾਫ ਹੈ ਤੇ ਉਹ ਝੂਠੇ ਵਾਅਦੇ ਵੀ ਨਹੀਂ ਕਰਦਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਕਾਂਗਰਸ ਨੂੰ ਦੱਸਣਾ ਚਾਹੁੰਦਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਸਾਧੇ ਕੱਪੜੇ ਪਹਿਨਣ ਵਾਲਾ ਵਿਅਕਤੀ, ਜਿਸ ਦਾ ਰੰਗ ਕਾਲਾ ਹੈ, ਉਹ ਸਾਰੇ ਵਾਅਦੇ ਨਿਭਾਏਗਾ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਨਾ ਤਾਂ ਝੂਠੇ ਐਲਾਨ ਕਰਦਾ ਹਾਂ ਤੇ ਨਾ ਹੀ ਝੂਠੇ ਵਾਅਦੇ ਕਰਦਾ ਹਾਂ।














