ਚੰਡੀਗੜ੍ਹ, 17 ਫਰਵਰੀ : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੋਂ ਸੇਧ ਲੈ ਕੇ ਉਨ੍ਹਾਂ ਵਾਂਗ ਹੀ ਪੰਜਾਬ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ ।ਰਾਜ ਸਭਾ ਮੈਂਬਰ ਅੱਜ ਸਿੱਧਵਾਂ ਖੁਰਦ ਵਿਖੇ ਸਿੱਧਵਾਂ ਸਿੱਖਿਆ ਸੰਸਥਾਵਾਂ ਦੀ ਸਾਲਾਨਾ ਸਾਂਝੇ ਖੇਡ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ । ਉਨ੍ਹਾਂ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ।
ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਮੌਕੇ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਤੇ ਉਨ੍ਹਾਂ ਪੰਜਾਬ ਦੀ ਜਨਤਾ ਦੇ ਗੁੱਸੇ ਅਤੇ ਪੰਜਾਬ ਦੇ ਸੂਰਤੇਹਾਲ ਨੂੰ ਕਾਂਗਰਸ ਹਾਈਕਮਾਂਡ ਪ੍ਰਧਾਨ ਸੋਨੀਆ ਗਾਂਧੀ ਨੂੰ 40 ਮਿੰਟਾਂ ਦੀ ਮੀਟਿੰਗ ਦੌਰਾਨ ਸਾਰਾ ਕੁਝ ਦੱਸਿਆ । ਉਸ ਤੋਂ ਬਾਅਦ ਹੀ ਪੰਜਾਬ ਕਾਂਗਰਸ ਕਮੇਟੀ ਨੂੰ ਭੰਗ ਕੀਤਾ ਗਿਆ । ਉਨ੍ਹਾਂ ਪੰਜਾਬ ਵਿੱਚ ਸਿੱਖਿਆ ਦੇ ਗਿਰ ਰਹੇ ਮਿਆਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇ ਲਈ ਇੱਕ ਚੰਗੀ ਨੀਤੀ ਬਣਾਉਣ ਦੀ ਲੋੜ ਹੈ , ਜਦਕਿ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਪ੍ਰਾਈਵੇਟ ਸਕੂਲਾਂ ਵਾਂਗ ਹੀ ਖਰਚਾ ਕਰ ਰਹੀ ਹੈ , ਪਰ ਸਹੀ ਨੀਤੀ ਨਾ ਹੋਣ ਕਾਰਨ
ਪੰਜਾਬ ਵਿੱਚ ਸਰਕਾਰੀ ਸਕੂਲਾਂ ਦਾ ਮਾੜਾ ਹਾਲ ਹੈ । ਉਨ੍ਹਾਂ ਦਿੱਲੀ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੇ ਬੋਲਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਕੋਲ ਜਰਨੈਲ ਹੀ ਨਹੀਂ ਸਨ। ਜਿਸ ਕਾਰਨ ਦੋਵਾਂ ਪਾਰਟੀਆਂ ਦਾ ਇਹ ਹਾਲ ਹੋਇਆ । ਉਨ੍ਹਾਂ ਸਵਰਗੀ ਸ਼ੀਲਾ ਦੀਕਸ਼ਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੁੰਦਿਆਂ ਦਿੱਲੀ ਵਿੱਚ ਕਾਂਗਰਸ ਹਮੇਸ਼ਾ ਜੇਤੂ ਰਹੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 41ਵਰ੍ਹੇ ਕਾਂਗਰਸ ਨੂੰ ਸਮਰਪਿਤ ਹੁੰਦਿਆਂ ਕਾਂਗਰਸ ਦੀ ਬਿਹਤਰੀ ਲਈ ਹਮੇਸ਼ਾ ਸੁੱਖ ਮੰਗਦੇ ਹਨ । ਇਸ ਦੇ ਲਈ ਉਹ ਕੈਪਟਨ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਕੇ ਉਨ੍ਹਾਂ ਨੂੰ ਸੁਧਾਰਨ ਦਾ ਹੋਕਾ ਦਿੰਦੇ ਹਨ , ਪਰ ਇਸ ਨੂੰ ਜੇ ਕੋਈ ਗਲਤ ਪਾਸੇ ਲੈ ਜਾਵੇ ਤਾਂ ਉਹ ਕੁਝ ਨਹੀਂ ਕਰ ਸਕਦੇ ।
ਪੰਜਾਬ ਸਰਕਾਰ ਵਿੱਚ ਫੇਰਬਦਲ ਦੀ ਲੋੜ ਤੇ ਬਾਜਵਾ ਨੇ ਕਿਹਾ ਕਿ ਨਾ ਘੋੜਾ ਬਦਲਣ ਦੀ ਲੋੜ ਹੈ ਅਤੇ ਨਾ ਹੀ ਘੋੜਸਵਾਰ ਬਦਲਣ ਦੀ ਲੋੜ ਹੈ ਪਰ ਸੁਧਰਨ ਦੀ ਜ਼ਰੂਰੀ ਲੋੜ ਹੈ ।