ਬਠਿੰਡਾ, ਕੇਂਦਰ ਸਰਕਾਰ ਨੇ ਸੌ ਕਰੋੜ ਤੋਂ ਉਪਰ ਵਾਲੇ ਵੱਡੇ ਡਿਫਾਲਟਰਾਂ ਦੇ ਨਾਮ ਨਸ਼ਰ ਕਰਨ ਤੋਂ ਟਾਲਾ ਵੱਟ ਲਿਆ ਹੈ। ਜਨਤਕ ਖੇਤਰ ਦੇ 21 ਬੈਂਕਾਂ ਦੇ 1463 ਅਜਿਹੇ ਵੱਡੇ ਡਿਫਾਲਟਰ ਹਨ, ਜਿਨ੍ਹਾਂ ਸਿਰ 4,29,999 ਕਰੋੜ ਦਾ ਕਰਜ਼ਾ ਹੈ। ਇਹ ਉਹ ਕਰਜ਼ ਹੈ ਜੋ ਡਿਫਾਲਟਰਾਂ/ਫਰਮਾਂ ਵੱਲ ਲੰਮੇ ਅਰਸੇ ਤੋਂ ਫਸਿਆ ਹੋਇਆ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਇਹ ਨਾਨ ਪਰਫਾਰਮਿੰਗ ਐਸੈਟਸ (ਐਨਪੀਏ) ਹਨ। ਦੂਜੇ ਪਾਸੇ, ਪੰਜਾਬ ਸਰਕਾਰ ਕਰਜ਼ਈ ਕਿਸਾਨਾਂ ਬਾਰੇ ਢਿੰਡੋਰਾ ਪਿੱਟ ਰਹੀ ਹੈ।
ਸਰਕਾਰੀ ਵੇਰਵਿਆਂ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਇਸ ਮਾਮਲੇ ਵਿੱਚ ਮੋਹਰੀ ਹੈ, ਜਿਸ ਦੇ ਸੌ ਕਰੋੜ ਤੋਂ ਉਪਰ ਵਾਲੇ 265 ਵੱਡੇ ਡਿਫਾਲਟਰ ਹਨ ਤੇ ਇਨ੍ਹਾਂ ਸਿਰ 77,538 ਕਰੋੜ ਦਾ ਕਰਜ਼ਾ ਹੈ। ਵਿੱਤ ਮੰਤਰਾਲੇ ਮੁਤਾਬਕ ਦੂਜੇ ਨੰਬਰ ’ਤੇ ਪੰਜਾਬ ਨੈਸ਼ਨਲ ਬੈਂਕ ਹੈ, ਜਿਸ ਦੇ 143 ਵੱਡੇ ਡਿਫਾਲਟਰਾਂ/ਫਰਮਾਂ ਵੱਲ 45,973 ਕਰੋੜ ਦਾ ਕਰਜ਼ਾ ਖੜ੍ਹਾ ਹੈ। ਕੇਨਰਾ ਬੈਂਕ ਤੀਜੇ ਨੰਬਰ ’ਤੇ ਹੈ, ਜਿਸ ਦੇ 86 ਡਿਫਾਲਟਰਾਂ ਸਿਰ 28,992 ਕਰੋੜ ਰੁਪਏ ਕਰਜ਼ਾ ਹੈ। ਇਸੇ ਤਰ੍ਹਾਂ ਬੈਂਕ ਆਫ਼ ਬੜੋਦਾ ਦੇ 81 ਵੱਡੇ ਡਿਫਾਲਟਰਾਂ ਵੱਲ 24,174 ਕਰੋੜ ਦਾ ਕਰਜ਼ਾ ਹੈ, ਜਦੋਂਕਿ ਸੈਂਟਰਲ ਬੈਂਕ ਆਫ਼ ਇੰਡੀਆ ਦੇ 75 ਵੱਡੇ ਡਿਫਾਲਟਰਾਂ ਵੱਲ 22,001 ਕਰੋੜ ਦਾ ਕਰਜ਼ਾ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਸਰਕੁਲਰ ਅਨੁਸਾਰ ਇਨ੍ਹਾਂ ਬੈਂਕਾਂ ਕੋਲ ਲੋਨ ਰਿਕਵਰੀ ਪਾਲਿਸੀ ਤਹਿਤ ਹੀ ਕਰਜ਼ ਵਸੂਲੀ ਜਾਂ ਮੁਆਫ਼ੀ ਦੇ ਅਧਿਕਾਰ ਹਨ।     ਕੇਂਦਰੀ ਮੰਤਰਾਲੇ ਨੇ ਜਨਤਕ ਖੇਤਰ ਦੀਆਂ ਇਨ੍ਹਾਂ ਬੈਂਕਾਂ ਦੀ 4,29,999 ਕਰੋੜ ਦੀ ਰਾਸ਼ੀ ਨੂੰ ਐੱਨਪੀਏ ਮੰਨਿਆ ਹੈ ਤੇ ਇਨ੍ਹਾਂ ਵੱਡੇ ਡਿਫਾਲਟਰਾਂ ਅਤੇ ਫਰਮਾਂ ਦੇ ਨਾਮ ਜਨਤਕ ਕਰਨ ਤੋਂ ਟਾਲਾ ਵੱਟ ਲਿਆ ਹੈ। ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਖੁ਼ਦ ਹੀ ਕਰਜ਼ਾ ਮੁਆਫ਼ੀ ਸਮਾਗਮ ਕਰਕੇ ਸਟੇਜਾਂ ਤੋਂ ਕਰਜ਼ਾ ਮੁਆਫ਼ੀ ਵਾਲੇ ਕਿਸਾਨਾਂ ਦਾ ਢੰਡੋਰਾ ਪਿੱਟਿਆ ਗਿਆ। ਮਾਨਸਾ ਵਿੱਚ ਕੀਤੇ ਐਲਾਨ ਅਨੁਸਾਰ ਪਹਿਲੇ ਪੜਾਅ ਤਹਿਤ ਪੰਜ ਜ਼ਿਲ੍ਹਿਆਂ ਦੇ 47 ਹਜ਼ਾਰ ਕਿਸਾਨਾਂ ਦੇ 170 ਕਰੋੜ ਰੁਪਏ ਮੁਆਫ਼ ਹੋਏ ਹਨ, ਜਿਸ ਦੀ ਔਸਤ ਪ੍ਰਤੀ ਕਿਸਾਨ ਸਿਰਫ਼ 36 ਹਜ਼ਾਰ ਰੁਪਏ ਹੀ ਬਣਦੀ ਹੈ।

ਕਿਸਾਨਾਂ ਦੇ ਦਰਦ ਦਾ ਮਜ਼ਾਕ ਉਡਾਇਆ: ਭਗਵੰਤ ਮਾਨ

‘ਆਪ’ ਦੇ ਕਨਵੀਨਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਰਜ਼ਾ ਮੁਆਫ਼ੀ ਸਮਾਗਮ ਕਰਕੇ ਕਿਸਾਨਾਂ ਦੇ ਦੁੱਖਾਂ ਦਾ ਮਜ਼ਾਕ ਉਡਾਇਆ ਹੈ ਤੇ ਸਰਕਾਰੀ ਡਰਾਮਾ ਕਰਕੇ ਖ਼ਜ਼ਾਨੇ ਦੇ ਕਰੋੜਾਂ ਰੁਪਏ ਵੀ ਫੂਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਜਾਣਾ ਹੈ ਤਾਂ ਸਮਾਗਮ ਕਾਹਦੇ ਲਈ ਕੀਤੇ ਗਏ ? ਸਮਾਗਮਾਂ ’ਤੇ ਖ਼ਰਚ ਹੋਏ ਪੈਸੇ ਨਾਲ ਹੋਰ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾ ਸਕਦਾ ਸੀ। ਉਨ੍ਹਾਂ ਆਖਿਆ ਕਿ ਸਿਰਫ਼ ‘ਬਾਦਸ਼ਾਹੀ’ ਦਿਖਾਉਣ ਖ਼ਾਤਰ ਇਹ ਸਭ ਕੀਤਾ ਗਿਆ ਹੈ।