ਬਠਿੰਡਾ, ਸੜਕੀ ਆਵਾਜਾਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੀਆਂ ਦੋ ਮੁੱਖ ਸੜਕਾਂ ਬਠਿੰਡਾ-ਅੰਮ੍ਰਿਤਸਰ ਅਤੇ ਜ਼ੀਰਕਪੁਰ ਕੌਮੀ ਸ਼ਾਹ-ਮਾਰਗਾਂ ਦਾ ਨੀਂਹ ਪੱਥਰ ਰੱਖਣ ਲਈ ਇੱਥੇ ਪਹੁੰਚਣਾ ਸੀ ਪਰ ਮੌਸਮ ਦੇ ਮਿਜਾਜ਼ ਬਦਲਣ ਕਾਰਨ ਉਨ੍ਹਾਂ ਨੂੰ ਮੌਕੇ ’ਤੇ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਪੰਜਾਬ ਸਰਕਾਰ ਤੇ ਅਕਾਲੀ ਦਲ ਬਾਦਲ ਨੇ ਇਸ ਕਾਰਜ ਦਾ ਸਿਹਰਾ ਆਪਣੇ ਸਿਰ ਲੈਣ ਲਈ ਇੱਕੋ ਦਿਨ ਪ੍ਰੋਗਰਾਮ ਰੱਖੇ ਗਏ ਸਨ ਤਾਂ ਜੋ ਸਿਆਸੀ ਲਾਹਾ ਲਿਆ ਜਾ ਸਕੇ। ਭਾਵੇਂ ਕਾਂਗਰਸ ਵੱਲੋਂ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਪਰ ਅਕਾਲੀ ਦਲ ਵੱਲੋਂ ਰੱਖੇ ਪ੍ਰੋਗਰਾਮ ਨੂੰ ਅਕਾਲੀ ਦਲ ਦੀ ਰੈਲੀ ਦਾ ਰੂਪ ਦਿੱਤਾ ਗਿਆ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ 30-40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਵੱਡਾ ਨੈੱਟਵਰਕ ਦਿੱਤਾ ਗਿਆ ਹੈ, ਜਿਸ ਕਰਕੇ ਪੰਜਾਬ ਦਾ ਮੂੰਹ-ਮੁਹਾਂਦਰਾ ਬਦਲ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਏਮਜ਼ ਵਰਗੇ ਪ੍ਰੋਜੈਕਟ ਵਿੱਚ ਰੋੜਾ ਅਟਕਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਨਾਲ ਜਿੱਥੇ ਨੌਜਵਾਨ ਵਰਗ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉਥੇ ਹੀ ਮੈਡੀਕਲ ਸਾਇੰਸ ਵਿੱਚ ਕ੍ਰਾਂਤੀ ਆ ਜਾਵੇਗੀ। ਬੀਬੀ ਬਾਦਲ ਨੇ ‘ਜੋਜੋ ਟੈਕਸ’ ਬਾਰੇ ਵੀ ਟਿੱਪਣੀਆਂ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਦੀਆਂ ਸਾਰੀਆਂ ਫੋਨ ਤੇ 6-ਲੇਨ ਸੜਕਾਂ ਅਕਾਲੀਆਂ ਦੀ ਹੀ ਦੇਣ ਹੈ। ਸੜਕੀ ਨੈੱਟਵਰਕ ਅਤੇ ਹਵਾਈ ਅੱਡਿਆਂ ਵਾਲੇ ਇਸ ਸੂਬੇ ਨੂੰ ਦੇਖ ਦੇ ਵਪਾਰੀ ਵਰਗ ਨੇ ਪੰਜਾਬ ਵੱਲ ਮੂੰਹ ਕੀਤਾ ਹੈ ਅਤੇ ਟਰੈਫਿਕ ਦੀ ਸਮੱਸਿਆ ਹੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਗਲੀ ਵਾਰ ਅਕਾਲੀਆਂ ਦੀ ਸਰਕਾਰ ਬਣਨ ’ਤੇ ਪਿੰਡਾਂ ਵਿੱਚ ਸੀਵਰੇਜ ਅਤੇ ਸਟ੍ਰੀਟ ਲਾਈਟਾਂ ਲਗਵਾ ਕੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ, ਅਮਿਤ ਰਤਨ, ਬਲਕਾਰ ਸਿੰਘ ਬਰਾੜ, ਦਰਸ਼ਨ ਸਿੰਘ ਕੋਟਫੱਤਾ ਹਾਜ਼ਰ ਸਨ।
ਭੀਖੀ (ਕਰਨ ਭੀਖੀ): ਇੱਥੇ ਅਨਾਜ ਮੰਡੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਹੋਣ ਵਾਲਾ ਸਮਾਗਮ ਭਾਵੇਂ ਮੁੜ ਰੱਦ ਹੋ ਗਿਆ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਰੱਖੀ ਗਈ ਰੈਲੀ ਨੂੰ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਸਮੁੱਚੇ ਤੌਰ ’ਤੇ ਨੇਪਰੇ ਚਾੜ੍ਹਿਆ। ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਰਗੜੇ ਲਾਏ।