ਮੋਗਾ, ਬਰਨਾਲਾ ਵਿੱਚ ਬੀਟੈੱਕ (ਸਿਵਲ ਇੰਜੀਨੀਅਰਿੰਗ) ਕਰ ਰਹੇ ਇਕ ਨੌਜਵਾਨ ਨੂੰ ਉਸ ਦੇ ਮਮੇਰੇ ਭਰਾ ਨੇ ਭੈਣ ਨੂੰ ਅਸ਼ਲੀਲ ਮੈਸੇਜ ਭੇਜਣ ਦੇ ਸ਼ੱਕ ਵਿੱਚ ਪਹਿਲਾਂ ਨੰਗਾ ਕਰ ਕੇ ਕੀਤੀ ਕੁੱਟਮਾਰ ਦੀ ਵੀਡੀਓ ਬਣਾਈ ਤੇ ਫਿਰ ਬਾਘਾਪੁਰਾਣਾ ਨੇੜੇ ਨਹਿਰ ਉੱਤੇ ਲਿਆ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨਹਿਰ ’ਚ ਸੁੱਟ ਦਿੱਤੀ।
ਥਾਣਾ ਬਾਘਾਪੁਰਾਣਾ ਦੇ ਮੁਖੀ ਇੰਸਪੈਕਟਰ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਜਸਵਿੰਦਰ ਕੁਮਾਰ ਵਾਸੀ ਲੁਧਿਆਣਾ ਦੀ ਸ਼ਿਕਾਇਤ ਉੱਤੇ ਮ੍ਰਿਤਕ ਦੇ ਮਮੇਰੇ ਭਰਾ ਵਿਜੇ ਕੁਮਾਰ ਅਤੇ ਉਸ ਦੇ ਦੋਸਤ ਫ਼ਤਹਿ ਸਿੰਘ ਦੋਵੇਂ ਵਾਸੀਆਨ ਮੁਗਲੂ ਪੱਤੀ, ਬਾਘਾਪੁਰਾਣਾ ਤੋਂ ਇਲਾਵਾ ਬਿੱਟੂ ਉਰਫ਼ ਬੁੱਟਰ ਵਾਸੀ ਹੈਬੋਵਾਲ ਡੇਅਰੀਆਂ, ਲੁਧਿਆਣਾ ਖ਼ਿਲਾਫ਼ ਕਤਲ ਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਜੇ ਕੁਮਾਰ ਨੂੰ ਸ਼ੱਕ ਸੀ ਕਿ ਅਜੇ ਉਸ ਦੀ ਭੈਣ ਨੂੰ ਅਸ਼ਲੀਲ ਮੈਸੇਜ ਭੇਜਦਾ ਹੈ।
ਮ੍ਰਿਤਕ ਦੇ ਪਿਤਾ ਜਸਵਿੰਦਰ ਕੁਮਾਰ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ 5 ਮਾਰਚ ਨੂੰ ਉਸ ਦੇ ਸਾਲੇ ਬੇਅੰਤ ਰਾਜ ਦਾ ਲੜਕਾ ਵਿਜੇ ਕੁਮਾਰ ਆਪਣੇ ਦੋਸਤਾਂ ਨਾਲ ਉਨ੍ਹਾਂ ਦੇ ਘਰ ਲੁਧਿਆਣਾ ਆਇਆ। ਉਸ ਸਮੇਂ ਉਸ ਦਾ ਪੁੱਤਰ ਅਜੇ ਕੁਮਾਰ ਘਰ ਨਹੀਂ ਸੀ ਤਾਂ ਉਹ ਚਲੇ ਗਏ। ਬਾਅਦ ਵਿੱਚ ਉਸ ਦੇ ਪੁੱਤਰ ਅਜੇ ਨੇ ਫੋਨ ਉੱਤੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਵਿਜੇ ਦਾ ਫੋਨ ਆਇਆ ਹੈ, ਇਸ ਵਾਸਤੇ ਉਹ ਆਪਣੇ ਦੋਸਤ ਮਨਮੋਹਨ ਸ਼ਰਮਾ ਉਰਫ਼ ਮੁਨੀਸ਼ ਵਾਸੀ ਪਾਣੀਪਤ ਹਾਲ ਵਾਸੀ ਜਮਾਲਪੁਰ (ਲੁਧਿਆਣਾ) ਨਾਲ ਉਸ ਨੂੰ ਮਿਲਣ ਜਾ ਰਿਹਾ ਹੈ। ਉਪਰੰਤ ਅਜੇ ਦਾ ਫ਼ੋਨ ਬੰਦ ਹੋ ਗਿਆ। ਉਨ੍ਹਾਂ ਦੇਰ ਰਾਤ ਤੱਕ ਉਸ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਉੱਧਰ, ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋੋੋੋਸਤ ਮਨਮੋਹਨ ਸ਼ਰਮਾ ਉਰਫ਼ ਮੁਨੀਸ਼ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਅਜੇ ਨੂੰ ਹੈਬੋਵਾਲ (ਲੁਧਿਆਣਾ) ਬੁੱਢੇ ਨਾਲੇ ਉੱਤੇ ਲਿਜਾ ਕੇ ਨੰਗਾ ਕਰ ਕੇ ਬੈਲਟਾਂ ਨਾਲ ਕੁੱਟਿਆ ਅਤੇ ਉਸ ਤੋਂ ਵੀ ਅਜੇ ਦੀ ਕੁੱਟਮਾਰ ਕਰਵਾਈ। ਇਸ ਕੁੱਟਮਾਰ ਦੀ ਮੁਲਜ਼ਮਾਂ ਨੇ ਮੋਬਾਈਲ ਫੋਨ ਨਾਲ ਵੀਡੀਓ ਵੀ ਬਣਾਈ। ਉਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਨੂੰ ਬਾਘਾਪੁਰਾਣਾ ਨੇੜੇ ਪਿੰਡ ਚੰਨੂਵਾਲਾ ਕੋਲੋਂ ਲੰਘਦੀ ਨਹਿਰ ਉੱਤੇ ਲੈ ਗਏ। ਉੱਥੇ ਮੁਲਜ਼ਮਾਂ ਨੇ ਅਜੇ ਨੂੰ ਕਾਰ ਵਿੱਚੋਂ ਕੱਢ ਕੇ ਉਸ ਦੇ ਸਿਰ ਵਿੱਚ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਤੇ ਲਾਸ਼ ਨਹਿਰ ’ਚ ਸੁੱਟ ਦਿੱਤੀ ਜਦੋਂ ਕਿ ਉਸ (ਮਨਮੋਹਨ ਸ਼ਰਮਾ) ਨੇ ਭੱਜ ਕੇ ਜਾਨ ਬਚਾਈ। ਪੁਲੀਸ ਨੇ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।