ਨਵੀਂ ਦਿੱਲੀ, 11 ਜਨਵਰੀ
ਹਰਿਆਣਾ ਹੈਮਰਜ਼ ਨੇ ਅੱਜ ਇੱਥੇ ਵੀਰ ਮਰਾਠਾ ਨੂੰ 5-2 ਨਾਲ ਹਰਾ ਕੇ ਪੇਸ਼ੇਵਰ ਕੁਸ਼ਤੀ ਲੀਗ (ਪੀਡਬਲਿਊਐੱਲ) ’ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਲੀਗ ਦੇ ਦੂਜੇ ਦਿਨ ਹਰਿਆਣਾ ਹੈਮਰਜ਼ ਦੇ ਵਲਾਦੀਮੀਰ ਖਿਨਚੇਂਗਸ਼ਿਵਲੀ ਨੇ 57 ਕਿਲੋਗਰਾਮ ਭਾਰ ਵਗਰ ’ਚ ਵੀਰ ਮਰਾਠਾ ਦੇ ਸਰਵਨ ਨੂੰ 7-3 ਨਾਲ ਹਰਾਇਆ। ਵੀਰ ਮਰਾਠਾ ਦੀ ਵੇਸਲਿਸਾ ਮਾਰਜਾਲਿਊਕ ਨੇ ਮਹਿਲਾਵਾਂ ਦੇ 76 ਕਿਲੋ ਭਾਰ ਵਰਗ ’ਚ ਪੂਜਾ ਨੂੰ ਮਹਿਜ਼ ਦੋ ਮਿੰਟ ’ਚ ਹਰਾ ਕੇ ਸਕੋਰ ਬਰਾਬਰ ਕਰ ਦਿੱਤਾ। ਵੀਰ ਮਰਾਠਾ ਦੇ ਜੌਰਜੀ ਕੇਟੋਵ ਨੇ ਤੀਜੇ ਮੁਕਾਬਲੇ ’ਚ ਰਬੇਲਜੀਤ ਸਿੰਘ ਰਾਂਗੀ ਨੂੰ ਤਕਨੀਕੀ ਮਾਹਰਤਾ ਦੇ ਆਧਾਰ ’ਤੇ 16-0 ਨਾਲ ਹਰਾ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਹਰਿਆਣਾ ਹੈਮਰਜ਼ ਦੀ ਮੌਜੂਦਾ ਕੌਮੀ ਚੈਂਪੀਅਨ ਰਿਤੂ ਮਲਿਕ ਨੇ ਅਗਲੇ ਮੁਕਾਬਲੇ ’ਚ ਸਰਿਤਾ ਨੇ 4-3 ਨਾਲ ਹਰਾ ਕੇ ਹਰਿਆਣਾ ਦੀ ਟੀਮ ਨੂੰ ਬਰਾਬਰੀ ਦਿਵਾਈ।
ਦਿਨ ਦਾ ਸਭ ਤੋਂ ਰੌਚਕ ਮੁਕਾਬਲਾ ਪੁਰਸ਼ਾਂ ਦੇ 65 ਕਿਲੋ ਗਰਾਮ ਭਾਰ ਵਰਗ ’ਚ ਦੇਖਣ ਨੂੰ ਮਿਲਿਆ ਜਿੱਥੇ ਹਰਿਆਣਾ ਦੇ ਨੌਜਵਾਨ ਪਹਿਲਵਾਨ ਹਰਫੂਲ ਨੇ ਵੀਰ ਮਰਾਠਾ ਵੱਲੋਂ ਖੇਡ ਰਹੇ ਤਿੰਨ ਵਾਰ ਦੇ ਕੌਮੀ ਚੈਂਪੀਅਨ ਅਮਿਤ ਧਨਕੜ ਨੂੰ ਹਰਾਇਆ। ਸਖ਼ਤ ਮੁਕਾਬਲਾ 5-5 ਦੀ ਬਰਾਬਰੀ ’ਤੇ ਖ਼ਤਮ ਹੋਇਆ, ਪਰ ਆਖਰੀ ਅੰਕ ਹਰਫੂਲ ਨੇ ਲਿਆ ਜਿਸ ਕਾਰਨ ਉਸ ਨੂੰ ਜੇਤੂ ਐਲਾਨਿਆ ਗਿਆ। ਮੌਜੂਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਹੈਲੇਨ ਮਾਰਲਿਓਸ ਨੇ ਹਰਿਆਣਾ ਨੂੰ ਫ਼ੈਸਲਾਕੁਨ ਮੁਕਾਬਲੇ ’ਚ ਸੌਖਿਆਂ ਹੀ ਜਿੱਤ ਦਿਵਾ ਦਿੱਤੀ। ਹੈਲੇਨ ਨੇ ਮਾਰਵਾ ਅਮਰੀ ਨੂੰ ਹਰਾਇਆ। ਦਿਨ ਦੀ ਆਖਰੀ ਬਾਊਟ ’ਚ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਗ਼ਮਾ ਜੇਤੂ ਖੇਤਿਕ ਸਬਾਲੋਵ ਨੇ ਪ੍ਰਵੀਨ ਰਾਣਾ ਨੂੰ 10-0 ਨਾਲ ਮਾਤ ਦਿੱਤੀ।