ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਜਵਾਬ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬਹਾਵਲਪੁਰ ਤੋਂ ਮਸੂਦ ਅਜ਼ਹਰ ਨੂੰ ਚੁੱਕਣ ਜਾਂ ਫਿਰ ਇਹ ਕੰਮ ਭਾਰਤ ਦੇ ਹਵਾਲੇ ਕਰਨ ਲਈ ਵੰਗਾਰਿਆ
ਮੰਡੌਲੀ (ਪਟਿਆਲਾ), 19 ਫਰਵਰੀ
ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਦੇ ਜਵਾਨਾਂ ’ਤੇ ਹੋਏ ਦਹਿਸ਼ਤੀ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ਭਾਰਤ ਕੋਲ ਕੋਈ ਸਬੂਤ ਨਾ ਹੋਣ ਬਾਰੇ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁੱਸੇ ਭਰੇ ਲਹਿਜ਼ੇ ਵਿੱਚ ਆਖਿਆ ਕਿ ਕੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਹ ਚਾਹੁੰਦਾ ਹੈ ਕਿ ਭਾਰਤ ਸੈਨਿਕਾਂ ਦੀਆਂ ਲਾਸ਼ਾਂ ਉਥੇ ਭੇਜੇ?
ਮੁੱਖ ਮੰਤਰੀ ਨੇ ਕਿਹਾ, ‘‘ਉਹ ਕਿਹੜੇ ਸਬੂਤਾਂ ਦੀ ਗੱਲ ਕਰਦਾ ਹੈ, ਕੀ ਸਾਨੂੰ ਲਾਸ਼ਾਂ ਉਥੇ ਲਿਜਾਣੀਆਂ ਚਾਹੀਦੀਆਂ ਹਨ? ਮਸਹੂਦ ਅਜ਼ਹਰ ਪਾਕਿਸਤਾਨ ਵਿੱਚ ਬੈਠਾ ਹੈ ਅਤੇ ਉੱਥੋਂ ਹੀ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦਾ ਹੈ ਅਤੇ ਇਸ ਬਾਰੇ ਹਰ ਕੋਈ ਜਾਣਦਾ ਹੈ। ਹਰ ਰੋਜ਼ ਸਾਡੇ ਸੈਨਿਕਾਂ ਨੂੰ ਸਰਹੱਦ ’ਤੇ ਮਾਰਿਆ ਜਾ ਰਿਹਾ ਹੈ ਅਤੇ ਉਨਾਂ ਦੀਆਂ ਹੱਤਿਆਵਾਂ ਕੌਣ ਕਰਵਾ ਰਿਹਾ ਹੈ?’’ ਮੁੱਖ ਮੰਤਰੀ ਨੇ ਕਿਹਾ ਕਿ ਇਸ ਗੱਲ ਨੂੰ ਸਾਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ, ਕਸ਼ਮੀਰ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਕੀ ਕੁਝ ਕਰਵਾ ਰਿਹਾ ਹੈ?
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 26/11 ਦੇ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ ਅਤੇ ਇਸ ਬਾਰੇ ਭਾਰਤ ਨੇ ਉਨਾਂ ਨੂੰ ਸਾਰੇ ਸਬੂਤ ਵੀ ਦਿੱਤੇ ਪਰ ਉਨਾਂ ਨੇ ਕੀਤਾ ਕੁਝ ਵੀ ਨਹੀਂ। ਉਨਾਂ ਕਿਹਾ ਕਿ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ’ਤੇ ਹੋਏ ਹਮਲੇ ਵਿੱਚ ਪਾਕਿਸਤਾਨ ਦਾ ਗ੍ਰਨੇਡ ਵਰਤਿਆ ਗਿਆ ਸੀ ਜਿਸ ਨਾਲ ਉਨਾਂ ਦੀ ਸ਼ਮੂਲੀਅਤ ਦਾ ਪਰਦਾਫਾਸ਼ ਹੋਇਆ ਸੀ।
ਬਾਅਦ ਵਿੱਚ ਇਮਰਾਨ ਖਾਨ ਦੇ ਬਿਆਨ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਖ਼ਤ ਸ਼ਬਦਾਂ ਵਿੱਚ ਇਕ ਟਵੀਟ ਰਾਹੀਂ ਕਿਹਾ,‘‘ਇਮਰਾਨ ਖਾਨ, ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਬਹਾਵਲਪੁਰ ਵਿੱਚ ਬੈਠਾ ਹੋਇਆ ਹੈ ਅਤੇ ਆਈ.ਐਸ.ਆਈ. ਦੀ ਸਹਾਇਤਾ ਨਾਲ ਹਮਲਿਆਂ ਦੀਆਂ ਗੋਂਦਾਂ ਗੁੰਦਦਾ ਹੈ। ਜਾਓ, ਜਾ ਕੇ ਉਸ ਨੂੰ ਉਥੋਂ ਚੁੱਕ ਲਿਆਓ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਸਾਨੂੰ ਦੱਸੋ, ਅਸੀਂ ਤੁਹਾਡੇ ਲਈ ਇਸ ਨੂੰ ਅੰਜ਼ਾਮ ਦੇ ਕੇ ਵਿਖਾਈਏ। ਉਂਜ, 26/11 ਦੇ ਮੁੰਬਈ ਹਮਲੇ ਦੇ ਸਬੂਤਾਂ ਦਾ ਤੁਸੀਂ ਕੀ ਕੀਤਾ। ਗੱਲਬਾਤ ਦਾ ਸਮਾਂ ਆ ਗਿਆ ਹੈ।’’ ਉਨਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਿਆਨ ਪੁਲਵਾਮਾ ਹਮਲੇ ਤੋਂ ਬਾਅਦ ਆਲਮੀ ਪੱਧਰ ’ਤੇ ਉਠੇ ਸਵਾਲ ਤੋਂ ਬਾਅਦ ਆਪਣੇ ਪੱਖ ਵਿੱਚ ਕੀਤੇ ਬਚਾਅ ਦਾ ਪ੍ਰਗਟਾਵਾ ਕਰਦਾ ਹੈ।
ਪੁਲਵਾਮਾ ਹਮਲੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਿਆਨ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਆਈ.ਐਸ.ਆਈ. ਦੀ ਬਦੌਲਤ ਬੈਠਾ ਹੈ ਜਿਸ ਕਰਕੇ ਉਸ ਪਾਸੋਂ ਹੋਰ ਕਿਹੋ ਜਿਹੀ ਪ੍ਰਤੀਿਆ ਦੀ ਆਸ ਰੱਖੀ ਜਾ ਸਕਦੀ ਹੈ।
ਇੱਥੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆਪਣੇ ਫੌਜ ਮੁਖੀ ਜਨਰਲ ਬਾਜਵਾ ਨਾਲ ਮਿਲ ਕੇ ਭਾਰਤੀ ਸੈਨਿਕਾਂ ਅਤੇ ਮਾਸੂਮ ਲੋਕਾਂ ਦੀਆਂ ਹੱਤਿਆਵਾਂ ਕਰਵਾ ਰਿਹਾ ਹੈ। ਉਨਾਂ ਕਿਹਾ ਕਿ ਭਾਰਤ ਅਜਿਹਾ ਵਰਤਾਰਾ ਨਾ ਸਹਿਣ ਕਰ ਸਕਦਾ ਹੈ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਉਨਾਂ ਮੁੜ ਦੁਹਰਾਇਆ,‘‘ਜੇਕਰ ਉਹ ਸਾਡਾ ਇਕ ਮਾਰਦੇ ਹਨ ਤਾਂ ਸਾਨੂੰ ਉਨਾਂ ਦੇ ਦੋ ਮਾਰਨੇ ਚਾਹੀਦੇ ਹਨ।’’
ਇਸ ਤੋਂ ਪਹਿਲਾਂ ਨੀਂਹ ਪੱਥਰ ਰੱਖਣ ਮੌਕੇ ਹੋਏ ਸਮਾਰੋਹ ਮੌਕੇ ਸੰਬਧੋਨ ਕਰਦਿਆਂ ਮੁੱਖ ਮੰਤਰੀ ਨੇ ਵਿਕਾਸ ਲਈ ਅਮਨ-ਸ਼ਾਂਤੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨੂੰ ਆਪਣੇ ਸੈਨਿਕਾਂ ਦੀ ਹੱਤਿਆ ਦਾ ਬਦਲਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਰਜੀਕਲ ਸਟਰਾਈਕ ਇਕ ਰਸਤਾ ਹੋ ਸਕਦਾ ਹੈ ਪਰ ਇਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਕਿ ਕਿਹੜੀ ਜਵਾਬੀ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਜੰਗ ਦੇ ਹੱਕ ਵਿੱਚ ਨਹੀਂ ਹਨ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਅਕਾਲੀਆਂ ਦੀ ਸਖ਼ਤ ਆਲੋਚਨਾ ਕੀਤੀ ਜਿਨਾਂ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਨਾਲ ਸੂਬੇ ਦੀ ਸ਼ਾਂਤੀ ਵਿੱਚ ਵਿਘਨ ਪਿਆ। ਉਨਾਂ ਕਿਹਾ ਕਿ ਇਨਾਂ ਘਟਨਾਵਾਂ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨਾਂ ਨੇ ਲੋਕਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਇਕ ਦਹਾਕੇ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਦਾ ਸ਼ੋਸ਼ਣ ਕੀਤਾ ਅਤੇ ਫਸਲ ਦੀ ਢਿੱਲੀ ਖਰੀਦ ਅਤੇ ਹੋਰ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਉਨਾਂ ਨੂੰ ਮੁਸ਼ਕਲਾਂ ਵਿੱਚ ਫਸਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਮਾਰਚ, 2017 ਤੋਂ ਲੈ ਕੇ ਸਾਰੀਆਂ ਫਸਲਾਂ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਹੈ।