ਚੰਡੀਗੜ੍ਹ,ਪੰਜਾਬ ਸਰਕਾਰ ਨੇ ਕਿਸਾਨਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਕਰਜ਼ਾ ਮੁਆਫ਼ੀ ਸਕੀਮ ਬੀਤੀ 31 ਮਾਰਚ ਤੋਂ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਕੀਮ ਤਹਿਤ 1 ਅਪਰੈਲ ਤੋਂ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਾਰੀਖ਼ ਤੱਕ ਦਾ ਕਰੀਬ 400 ਕਰੋੜ ਰੁਪਏ ਵਿਆਜ ਵੀ ਸਰਕਾਰ ਭਰੇਗੀ। ਪੰਜਾਬ ਵਜ਼ਾਰਤ ਨੇ ਨੋਟੀਫਿਕੇਸ਼ਨ ਜਾਰੀ ਕਰਨ ਲਈ, ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਕਾਰਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਚੋਣ ਕਮਿਸ਼ਨ ਨਾਲ ਸੰਪਰਕ ਕਰਨ ਲਈ ਕਿਹਾ ਹੈ। ਕਮਿਸ਼ਨ ਜੇ ਚੋਣ ਜ਼ਾਬਤੇ ਕਾਰਨ ਗੁਰਦਾਸਪੁਰ ਹਲਕੇ ਵਿਚ ਕਰਜ਼ਾ ਮੁਆਫ਼ੀ ਲਾਗੂ ਕਰਨ ਲਈ ਵੋਟਾਂ ਦੀ ਗਿਣਤੀ ਰੁਕਣ ਲਈ ਕਹਿੰਦਾ ਹੈ ਤਾਂ ਸਕੀਮ ਫਿਲਹਾਲ ਬਾਕੀ ਸੂਬੇ ਵਿਚ ਲਾਗੂ ਕੀਤੀ ਜਾਵੇਗੀ। ਵਜ਼ਾਰਤ ਨੇ ਹੋਰ ਕਈ ਅਹਿਮ ਫ਼ੈਸਲੇ ਵੀ ਲਏ ਹਨ।
ਪੰਜਾਬ ਵਜ਼ਾਰਤ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਰਜ਼ਾ ਮੁਆਫ਼ੀ ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਕਰਜ਼ਾ ਮੁਆਫ਼ੀ ਦਾ ਪੈਸਾ ਚਾਰ-ਪੰਜ ਕਿਸ਼ਤਾਂ ਵਿਚ ਅਦਾ ਕੀਤਾ ਜਾਵੇਗਾ ਤੇ ਰਾਜ ਸਰਕਾਰ ਨੇ ਇਸ ਲਈ ਪੈਸੇ ਦਾ ਪ੍ਰਬੰਧ ਕਰ ਲਿਆ ਹੈ। ਕਰਜ਼ਾ ਮੁਆਫ਼ੀ ਦਾ ਐਲਾਨ ਬਜਟ ਦੌਰਾਨ ਕੀਤਾ ਹੋਣ ਕਾਰਨ ਚੋਣ ਜ਼ਾਬਤਾ ਅੜਿੱਕਾ ਨਹੀਂ ਬਣੇਗਾ ਪਰ ਫਿਰ ਵੀ ਚੋਣ ਕਮਿਸ਼ਨ ਕੋਲੋਂ ਪ੍ਰਵਾਨਗੀ ਲਈ ਜਾਵੇਗੀ। ਰਾਜ ਸਰਕਾਰ ਸਹਿਕਾਰੀ ਬੈਂਕਾਂ ਦੇ ਕਰਜ਼ ਦੇ 3600 ਕਰੋੜ ਰੁਪਏ ਅਤੇ ਨਿਜੀ ਤੇ ਕੌਮੀਕ੍ਰਿਤ ਬੈਂਕਾਂ ਦੇ 6000 ਕਰੋੜ ਰੁਪਏ ਮੁਆਫ਼ ਕਰੇਗੀ। ਅਗਲੇ ਕੁਝ ਦਿਨਾਂ ਵਿਚ ਬੈਂਕਾਂ ਵੱਲੋਂ ਪਿੰਡਾਂ ਵਿਚ ਕਰਜ਼ਾ ਮੁਆਫ਼ੀ ਵਾਲੇ ਕਿਸਾਨਾਂ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਜਿਸ ਕਿਸਾਨ ਦਾ ਨਾਂ ਨਹੀਂ ਆਵੇਗਾ, ਉਹ ਬੈਂਕਾਂ ਤਕ ਪਹੁੰਚ ਕਰ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਕੀਮ ਦਾ ਲਾਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਵੀ ਦੇਣਾ ਚਾਹੁੰਦੀ ਹੈ, ਜਿਸ ਲਈ ਯਤਨ ਕੀਤੇ ਜਾਣਗੇ। ਵਜ਼ਾਰਤ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਵਿਸ਼ਵ ਪੱਧਰੀ ਤਕਨੀਕੀ ਯੂਨੀਵਰਸਿਟੀ ਬਣਾਉਣ ਲਈ ਕੌਮਾਂਤਰੀ ਟੈਂਡਰ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਸੂਬੇ ਦੇ ਕੁੱਲ ਘਰੇਲੂ ਉਤਪਾਦ ਵਿੱਚ 6500 ਕਰੋੜ ਰੁਪਏ ਦੇ ਵਾਧੇ ਨਾਲ 2400 ਵਿਅਕਤੀਆਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ। ਨਾਲ ਹੀ ਆਈਟੀ ਸਿਟੀ ਮੁਹਾਲੀ ਵਿਖੇ ਪਲਾਟਾਂ ਦੀ ਅਲਾਟਮੈਂਟ ਸਬੰਧੀ ਯੋਗਤਾ ਪੈਮਾਨਿਆਂ ਵਿੱਚ ਨਰਮੀ ਕਰਦਿਆਂ ਗੈਰ ਸੀਐਮਐਮ ਸਾਫਟਵੇਅਰ ਇੰਜਨੀਅਰਿੰਗ ਇੰਸਟੀਚਿਊਟ, ਜੋ ਲੇਵਲ 5 ਸਰਟੀਫਿਕੇਸ਼ਨ ਪੱਧਰ ਦੇ ਹੋਣ, ਨੂੰ ਵੀ 3 ਤੋਂ 25 ਏਕੜ ਤੱਕ ਦੇ ਪਲਾਟ ਅਲਾਟ ਕੀਤੇ ਜਾਣ ਲਈ ਮਨਜ਼ੂਰੀ ਦਿੱਤੀ ਗਈ ਹੈ। ‘ਘਰ-ਘਰ ਰੁਜ਼ਗਾਰ ਯੋਜਨਾ’ ਲਾਗੂ ਕਰਨ ਦੇ ਮੰਤਵ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਬਿਊਰੋ ਆਫ ਐਂਪਲਾਈਮੈਂਟ ਐਂਡ ਐਂਟਰਪਰਾਈਜ਼ ਸਥਾਪਤ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਹੈ।
ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੀ ਤਜਵੀਜ਼ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ, ਜਿਸ ਲਈ ਅਗਲੇ ਅਕਾਦਮਿਕ ਸੈਸ਼ਨ ਤੋਂ ਦਾਖ਼ਲੇ ਸ਼ੁਰੂ ਹੋਣਗੇ। ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ ਤਿੰਨ ਸਾਲ ਤੋਂ ਵੱਧ ਉਮਰ ਦੇ ਬੱਚੇ ਦਾਖ਼ਲ ਹੋ ਸਕਣਗੇ। ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਸਬੰਧਤ ਵਿਸ਼ਿਆਂ ਨੂੰ ਸਕੂਲ ਸਿਲੇਬਸ ਦਾ ਹਿੱਸਾ ਬਣਾਉਣ ਦਾ ਸੁਝਾਅ ਦਿੱਤਾ। ਪੰਜਾਬ ਸਕੂਲ ਸਿੱਖਿਆ ਬੋਰਡ ਐਕਟ-1969 ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਸ ਨਾਲ ਬੋਰਡ ਵਿੱਚ ਸੀਨੀਅਰ ਵਾਈਸ ਚੇਅਰਮੈਨ ਦੀ ਅਸਾਮੀ ਖਤਮ ਹੋ ਜਾਵੇਗੀ। ਵਜ਼ਾਰਤ ਨੇ ਐਕਟ ਦੀ ਧਾਰਾ 6(ਏ), 15(1) ਤੇ 17(1) ਨੂੰ ਵੀ ਸੋਧਣ ਦੀ ਮਨਜ਼ੂਰੀ ਦਿੱਤੀ ਹੈ।
ਵਜ਼ਾਰਤ ਨੇ ਪੰਜਾਬ ਆਬਕਾਰੀ ਐਕਟ ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਸ ਨਾਲ ਮਿਊਂਸਪਲ ਹੱਦ ਵਿੱਚ ਪੈਂਦੇ ਲਾਇਸੈਂਸਸ਼ੁਦਾ ਠੇਕਿਆਂ ਤੋਂ ਸ਼ਰਾਬ ਵੇਚਣ ਦੀ ਇਜਾਜ਼ਤ ਹੋਵੇਗੀ ਤੇ 500 ਮੀਟਰ ਘੇਰੇ ਵਾਲੀ ਸ਼ਰਤ ਲਾਗੂ ਨਹੀਂ ਹੋਵੇਗੀ। ਸ਼ਰਾਬ ਦੀ ਗੈਰਕਾਨੂੰਨੀ ਤਸਕਰੀ ਰੋਕਣ ਲਈ ਪੰਜਾਬ ਆਬਕਾਰੀ ਐਕਟ ਵਿਚ ਸੋਧ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿਤੀ ਗਈ। ਪੇਂਡੂ ਗਰੀਬਾਂ ਤੱਕ ਵੱਖ-ਵੱਖ ਭਲਾਈ ਪ੍ਰੋਗਰਾਮਾਂ ਦਾ ਲਾਭ ਪੁੱਜਣਾ ਯਕੀਨੀ ਬਣਾਉਣ ਵਾਸਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ (ਐਮਜੀਐਸਵੀਵਾਈ) ਨਾਂ ਦੀ ਨਵੀਂ ਸਕੀਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਸਕੀਮ ਅੰਤਯੋਦਿਆ ਸਿਧਾਂਤਾਂ ਦੀ ਤਰਜ਼ ’ਤੇ ਬਣਾਈ ਗਈ ਹੈ।
ਜ਼ਿਮਨੀ ਚੋਣ ਪਿੱਛੋਂ ਵਜ਼ਾਰਤ ਵਿੱਚ ਵਾਧੇ ਦੇ ਸੰਕੇਤ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਮਗਰੋਂ ਵਜ਼ਾਰਤ ਵਿੱਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਜਾਣਕਾਰੀ ਅਨੁਸਾਰ ਵਜ਼ਾਰਤ ਦੀ ਅੱਜ ਹੋਈ ਮੀਟਿੰਗ ਦੌਰਾਨ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਕੰਮ ਦਾ ਬੋਝ ਹਲਕਾ ਕਰਨ ਲਈ ਕੁਝ ਵਿਭਾਗ ਆਪਣੇ ਮੰਤਰੀ ਸਾਥੀਆਂ ਨੂੰ ਦੇ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਜ਼ਿਮਨੀ ਚੋਣ ਤੋਂ ਬਾਅਦ ਵਜ਼ਾਰਤ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਕੁਝ ਵਿਭਾਗ ਉਹ ਆਪਣੇ ਸਾਥੀ ਮੰਤਰੀਆਂ ਨੂੰ ਵੀ ਦੇਣਗੇ। ਜ਼ਿਕਰਯੋਗ ਹੈ ਕਿ ਕਾਂਗਰਸ ਦੇ 40 ਵਿਧਾਇਕਾਂ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਵਜ਼ਾਰਤ ਵਿੱਚ ਵਾਧੇ ਲਈ ਮੰਗ ਪੱਤਰ ਦਿੱਤਾ ਸੀ। ਕਈ ਵਿਧਾਇਕ ਝੰਡੀ ਵਾਲੀ ਕਾਰ ਲੈਣ ਲਈ ਕਾਹਲੇ ਹਨ ਅਤੇ ਉਹ ਵੱਖ ਵੱਖ ਪੱਧਰਾਂ ਉਤੇ ਇਸ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 11 ਅਕਤੂਬਰ ਨੂੰ ਵੋਟਾਂ ਪੈ ਜਾਣ ਮਗਰੋਂ ਵਿਧਾਇਕਾਂ ਦੀਆਂ ਸਰਗਰਮੀਆਂ ਦੇ ਮੁੜ ਜ਼ੋਰ ਫੜਨ ਦੇ ਆਸਾਰ ਹਨ। ਇਸ ਵੇਲੇ ਪੰਜਾਬ ਵਜ਼ਾਰਤ ਵਿੱਚ ਕੈਪਟਨ ਸਣੇ 8 ਕੈਬਨਿਟ ਤੇ ਦੋ ਰਾਜ ਮੰਤਰੀ ਹਨ ਅਤੇ 8 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ।
ਹੱਕ ਕਮੇਟੀ ਦੀ ਰਿਪੋਰਟ ਮਨਜ਼ੂਰ
ਪੰਜਾਬ ਵਜ਼ਰਾਤ ਨੇ ਕਰਜ਼ਾ ਮੁਆਫੀ ਬਾਰੇ ਉੱਘੇ ਅਰਥਸ਼ਾਸਤਰੀ ਡਾ. ਟੀ. ਹੱਕ. ਦੀ ਅਗਵਾਈ ਵਾਲੀ ਮਾਹਿਰਾਨਾ ਕਮੇਟੀ ਦੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿਤੀ ਹੈ। ਇਸ ਨਾਲ ਸੂਬੇ ਦੇ 10.25 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ। ਮੁੱਖ ਮੰਤਰੀ ਨੇ ਇਸ ਸਾਲ ਜੂਨ ਵਿੱਚ ਪੰਜ ਏਕੜ ਤੱਕ ਮਾਲਕੀ ਵਾਲੀ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦੇ ਫਸਲੀ ਕਰਜ਼ੇ ਮੁਆਫ ਕਰਨ ਅਤੇ ਬਾਕੀ ਛੋਟੇ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਰਾਹਤ ਦੇਣ ਦਾ ਐਲਾਨ ਕੀਤਾ ਸੀ।