ਢਾਈ ਘੰਟੇ ਚੱਲੀ ਮੀਟਿੰਗ ਦੌਰਾਨ ਕਿਸਾਨਾਂ ਨੇ ਹੜ੍ਹ ਪੀੜਤਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਰੱਖੀ

ਚੰਡੀਗੜ੍ਹ, 19 ਅਗਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਕਿਸਾਨ ਜਥੇਬੰਦੀਆਂ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਕਈ ਕਿਸਾਨੀ ਮੰਗਾਂ ਮੰਨਣ ’ਤੇ ਸਹਿਮਤੀ ਪ੍ਰਗਟਾਈ। ਮੀਟਿੰਗ ਵਿੱਚ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ, ਡੀਜੀਪੀ (ਇੰਟੈਲੀਜੈਂਸ) ਵਰਿੰਦਰ ਕੁਮਾਰ ਅਤੇ ਹੋਰ ਪੁਲੀਸ ਅਤੇ ਸਿਵਲ ਅਧਿਕਾਰੀ ਸ਼ਾਮਲ ਸਨ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੇ 11 ਮੈਂਬਰੀ ਵਫ਼ਦ ਨਾਲ ਲਗਭਗ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਿਸਾਂ ਨੂੰ 31 ਅਗਸਤ ਤੱਕ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਦਿੱਲੀ ਅੰਦੋਲਨ ਦੇ ਪੀੜਤਾਂ ਨੂੰ ਬਕਾਇਆ ਮੁਆਵਜ਼ਾ ਤੇ ਤਿਲੰਗਾਨਾ ਸਰਕਾਰ ਵੱਲੋਂ ਐਲਾਨਿਆ ਗਿਆ ਮੁਆਵਜ਼ਾ ਕਿਸਾਨ ਆਗੂਆਂ ਵੱਲੋਂ ਸੂਚੀ ਸੌਂਪਣ ਦੇ ਤੁਰੰਤ ਬਾਅਦ ਜਾਰੀ ਕਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਵਫ਼ਦ ਨੇ ਹੜ੍ਹ ਪੀੜਤਾਂ ਲਈ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਰੱਖੀ, ਜਿਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸ਼ਰਤਾਂ ਵਿੱਚ ਛੋਟ ਦਿੰਦੀ ਹੈ ਤਾਂ ਸੂਬਾ ਸਰਕਾਰ ਮੁਆਵਜ਼ਾ ਰਾਸ਼ੀ 15,000 ਤੋਂ ਵਧਾ ਕੇ 20,000 ਰੁਪਏ ਪ੍ਰਤੀ ਏਕੜ ਕਰ ਸਕਦੀ ਹੈ। ਇਸ ਤੋਂ ੲਿਲਾਵਾ ਹੜ੍ਹ ਕਾਰਨ ਜਿਨ੍ਹਾਂ ਖੇਤਾਂ ਵਿੱਚ ਰੇਤ ਅਤੇ ਪੱਥਰ ਭਰ ਗਏ ਹਨ, ਉਨ੍ਹਾਂ ਜ਼ਮੀਨਾਂ ਵਿੱਚੋਂ ਕਿਸਾਨਾਂ ਨੂੰ ਰੇਤਾ ਚੁੱਕਣ ਦੀ ਖੁੱਲ੍ਹ ਦੇ ਦਿੱਤੀ ਹੈ। ਸਰਕਾਰ ਨੇ ਭਰੋਸਾ ਦਿੱਤਾ ਕਿ ਬਾਸਮਤੀ ਦੀ ਖ਼ਰੀਦ ਸਮੇਂ ਮੰਡੀਆਂ ਵਿੱਚ ਭਾਅ ਨਹੀਂ ਡਿੱਗਣ ਦਿੱਤਾ ਜਾਵੇਗਾ ਅਤੇ ਸੂਬਾ ਸਰਕਾਰ ਬਾਸਮਤੀ ਦੀ ਸਰਕਾਰੀ ਖ਼ਰੀਦ ਯਕੀਨੀ ਬਣਾਉਣ ਲਈ ਵਚਨਬੱਧ ਹੈ। ਵਫ਼ਦ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਯੂਰੀਆ ਅਤੇ ਹੋਰ ਖਾਦਾਂ ਨਾਲ ਬੇਲੋੜੀਆਂ ਵਸਤਾਂ ਮੜਨ ਦਾ ਮੁੱਦਾ ਵੀ ਉਭਾਰਿਆ, ਜਿਸ ’ਤੇ ਸਰਕਾਰ ਤਰਫ਼ੋਂ ਮਾਮਲਿਆਂ ਦੀ ਸ਼ਿਕਾਇਤ ਲਈ ਵ੍ਹਟਸ ਐਪ ਨੰਬਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ’ਤੇ ਸ਼ਿਕਾਇਤ ਦਰਜ ਹੋਣ ਮਗਰੋਂ ਤੁਰੰਤ ਕਾਰਵਾਈ ਯਕੀਨੀ ਹੋਵੇਗੀ। ਇਸ ਤੋਂ ੲਿਲਾਵਾ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਜ਼ੀਰਾ ਸ਼ਰਾਬ ਫੈਕਟਰੀ ਸਦਾ ਬੰਦ ਰਹੇਗੀ ਅਤੇ ਇਸ ਸਬੰਧੀ ਕਿਸਾਨਾਂ ਖ਼ਿਲਾਫ਼ ਦਰਜ ਸਾਰੇ ਕੇਸ ਤੁਰੰਤ ਰੱਦ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਸਰਕਾਰ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਮੀਟਿੰਗ ’ਚ ਮੌਜੂਦ ਇੱਕ ਸੀਨੀਅਰ ਅਧਿਕਾਰੀ ਨੇ ਕਿਸਾਨੀ ਮੰਗਾਂ ’ਤੇ ਸਰਕਾਰ ਅਤੇ ਜਥੇਬੰਦੀਆਂ ਦਰਮਿਆਨ ਸਹਿਮਤੀ ਬਣਨ ਦੀ ਪੁਸ਼ਟੀ ਕੀਤੀ ਹੈ। ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਰਣਬੀਰ ਸਿੰਘ ਰਾਣਾ, ਸ਼ਵਿੰਦਰ ਸਿੰਘ ਚੁਤਾਲਾ, ਜਸਵੀਰ ਸਿੰਘ ਪਿੱਦੀ, ਹਰਵਿੰਦਰ ਸਿੰਘ ਮਸਾਣੀਆ, ਕੰਧਾਰ ਸਿੰਘ ਭੋਏਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਨਿਆਲ ਅਤੇ ਗੁਰਵਿੰਦਰ ਸਿੰਘ ਪਟਿਆਲਾ ਸ਼ਾਮਲ ਸਨ।