ਚੰਡੀਗੜ੍ਹ, 10 ਅਕਤੂਬਰ 2018 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਣਕ ਦੀ ਬਿਜਾਈ ਤੋਂ ਪਹਿਲਾਂ ਡੀ.ਏ.ਪੀ ਖਾਦ ਦੀ ਕੀਮਤ ‘ਚ ਭਾਰੀ ਵਾਧਾ ਕੀਤੇ ਜਾਣ ਦੇ ਫ਼ੈਸਲੇ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਦਮ-ਕਦਮ ‘ਤੇ ਮਾਰਨ ਲੱਗੀਆਂ ਹੋਈਆਂ ਹਨ, ਜਦਕਿ ਕਿਰਸਾਨੀ ਪਹਿਲਾਂ ਹੀ ਕਰਜ਼ ਦੇ ਅਸਹਿ ਬੋਝ ਅਤੇ ਗੰਭੀਰ ਆਰਥਿਕ ਸੰਕਟ ‘ਚ ਗੁਜ਼ਰ ਰਹੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕੋ ਝਟਕੇ ਨਾਲ ਡੀਏਪੀ ਖਾਦ ਪ੍ਰਤੀ ਥੈਲਾ 140 ਰੁਪਏ ਮਹਿੰਗੀ ਕਰਨ ਵਾਲੀ ਸਰਕਾਰ ਕਿਸਾਨਾਂ ਨਾਲ ਕਿਹੜੀ ਦੁਸ਼ਮਣੀ ਕੱਢ ਰਹੀ ਹੈ? ਚੀਮਾ ਨੇ ਕਿਹਾ ਕਿ ਸਿਰਫ਼ ਡੀਏਪੀ ਖਾਦ ਦੇ ਮਹਿੰਗਾ ਕਰਨ ਨਾਲ ਹੀ ਪੰਜਾਬ ਦੇ ਕਿਸਾਨਾਂ ‘ਤੇ ਸਵਾ 200 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ। ਇਸ ਤੋਂ ਵੱਡਾ ਧੱਕਾ ਕੀ ਹੋਵੇਗਾ ਕਿ 50 ਕਿੱਲੋ ਦਾ ਡੀੇਪੀ ਦਾ ਥੈਲਾ ਕਰੀਬ 11 ਪ੍ਰਤੀਸ਼ਤ ਵਾਧੇ ਨਾਲ 1250 ਰੁਪਏ ਤੋਂ 1390 ਰੁਪਏ ਕਰ ਦਿੱਤਾ ਹੈ ਜਦਕਿ ਸਵਾਮੀਨਾਥਨ ਸਿਫ਼ਾਰਿਸ਼ਾਂ ਨੂੰ ਤਿਲਾਂਜਲੀ ਦਿੰਦਿਆਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ‘ਚ ਪ੍ਰਤੀ 100 ਕਿੱਲੋ (1 ਕੁਵਿੰਟਲ) ਮਹਿਜ਼ 6 ਪ੍ਰਤੀਸ਼ਤ ਵਾਧੇ ਨਾਲ 1735 ਰੁਪਏ ਤੋਂ 1840 ਰੁਪਏ ਕੀਤੀ ਹੈ। ਜਦਕਿ ਅਕਾਲੀ=ਭਾਜਪਾ ਗੱਠਜੋੜ ਵਾਲੀ ਨਰਿੰਦਰ ਮੋਦੀ ਸਰਕਾਰ ਦਾ ਇੱਕ ਤਰ੍ਹਾਂ ਨਾਲ ਇਹ ਆਖ਼ਰੀ ਐਲਾਨ ਸੀ ਕਿਉਂਕਿ ਖ਼ਰੀਫ਼ ਸੀਜ਼ਨ ਦੀ ਅਗਲੀ ਫ਼ਸਲ ਤੱਕ 2019 ਦੀਆਂ ਚੋਣਾਂ ਹੋ ਜਾਣਗੀਆਂ ਅਤੇ ਕਿਸਾਨਾਂ ਸਮੇਤ ਪੂਰੇ ਦੇਸ਼ ਦਾ ਮਜ਼ਾਕ ਉਡਾਉਣ ਵਾਲੇ ਫੈਂਕੂ ਪ੍ਰਧਾਨ ਮੰਤਰੀ ‘ਤੇ ਦੇਸ਼ ਨੂੰ ਨਿਜਾਤ ਮਿਲ ਜਾਵੇਗੀ।
ਚੀਮਾ ਨੇ ਕਿਹਾ ਕਿ ਇੱਕ ਪਾਸੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਮੁੱਲ ‘ਚ ਸਵਾਮੀਨਾਥਨ ਸਿਫ਼ਾਰਿਸ਼ਾਂ ਦੇ ਉਲਟ ਨਿਗੂਣਾ ਵਾਧਾ ਕੀਤਾ ਜਾਂਦਾ ਹੈ, ਦੂਸਰੇ ਪਾਸੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ‘ਚ ਹਰ ਰੋਜ਼ ਭਾਰੀ ਵਾਧਾ ਹੋ ਰਿਹਾ ਹੈ। ਜਨਵਰੀ 2018 ‘ਚ ਪੰਜਾਬ ਅੰਦਰ ਡੀਜ਼ਲ ਦੀ ਕੀਮਤ 58.02 ਰੁਪਏ ਪ੍ਰਤੀ ਲੀਟਰ ਸੀ, ਜੋ ਮਾਰਚ 2018 ਤੱਕ 60.47 ਰੁਪਏ ਅਤੇ ਅੱਜ 70.56 ਰੁਪਏ ਪ੍ਰਤੀ ਲੀਟਰ ਹੈ। ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਖੇਤੀਬਾੜੀ ਲਈ ਡੀਜ਼ਲ ਦੀ ਖਪਤ ਪੂਰੇ ਦੇਸ਼ ਨਾਲ ਵੱਧ ਹੈ ਅਤੇ ਪੰਜਾਬ ਦਾ ਕਿਸਾਨ ਹਰ ਪਾਸਿਓ ਵਿੱਤੀ ਮਾਰ ਝੱਲਣ ਲਈ ਮਜਬੂਰ ਹੈ, ਪਰੰਤੂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰਾਂ ਵਿਚੋਂ ਕੋਈ ਵੀ ਸੂਬੇ ਦੇ ਕਿਸਾਨਾਂ ਨੂੰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਘਟਾ ਕੇ ਰਾਹਤ ਦੇਣ ਲਈ ਤਿਆਰ ਨਹੀਂ ਜੋ ਬੇਹੱਦ ਨਿੰਦਣਯੋਗ ਪਹੁੰਚ ਹੈ।
ਚੀਮਾ ਨੇ ਕਿਹਾ ਕਿ ਡੀ.ਏ.ਪੀ ਖਾਦ ਦੀਆਂ ਕੀਮਤਾਂ ‘ਚ ਭਾਰੀ ਵਾਧੇ ਲਈ ਡਾਲਰ ਮੁਕਾਬਲੇ ਰੁਪਏ ਦੀ ਕੀਮਤ ਡਿੱਗਣ ਨੂੰ ਕਾਰਨ ਦੱਸਿਆ ਜਾ ਰਿਹਾ, ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ, ਫਿਰ ਕੈਪਟਨ, ਸਰਕਾਰ ਨੂੰ ਇਸ ਸੰਬੰਧੀ ਕਿਸਾਨ ਪੱਖੀ ਕਦਮ ਲੈਣੇ ਚਾਹੀਦੇ ਹਨ।