ਚੰਡੀਗੜ੍ਹ, ਲਗਪਗ ਇੱਕ ਸਾਲ ਪਹਿਲਾਂ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਿੰਡ ਪੁਣਤਾਂਬਾ ਦੀ ਗ੍ਰਾਮ ਸਭਾ ਵੱਲੋਂ ਵਿਸ਼ੇਸ਼ ਇਜਲਾਸ ਬੁਲਾ ਕੇ ਕਿਸਾਨੀ ਮੰਗਾਂ  ਬਾਰੇ ਪਾਏ ਮਤੇ ਤੋਂ ਬਾਅਦ ਦੇਸ਼ ਦੇ ਉੱਤਰੀ ਰਾਜਾਂ ਵਿੱਚ ਫੈਲੇ ਅੰਦੋਲਨ ਨੇ ਕਿਸਾਨਾਂ ਨੂੰ ਕੌਮੀ ਪੱਧਰ ’ਤੇ ਇਕਜੁੱਟ ਹੋਣ ਲਈ ਪ੍ਰੇਰਿਤ ਕਰ ਦਿੱਤਾ। ਦੇਸ਼ ਵਿੱਚ ਤਿੰਨ ਵੱਡੇ  ਗਰੁੱਪ ਰਾਸ਼ਟਰੀ ਕਿਸਾਨ ਮਹਾਂਸੰਘ, ਕਿਸਾਨ ਏਕਤਾ ਅਤੇ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਰੂਪ ਵਿੱਚ ਸਾਹਮਣੇ ਆਏ। ਇਸ ਵਾਰ ਮਹਾਂਸੰਘ ਨੇ ਪਹਿਲੀ ਤੋਂ 10 ਜੂਨ ਤੱਕ ਕਿਸਾਨਾਂ ਦੇ ਛੁੱਟੀ ਉੱਤੇ ਜਾਣ ਦਾ ਐਲਾਨ ਕਰ ਦਿੱਤਾ। ਪੰਜਾਬ ਦੀਆਂ ਕਈ ਜਥੇਬੰਦੀਆਂ ਵੀ ਇਸ ਵਿੱਚ  ਸ਼ਾਮਲ ਹੋਈਆਂ, ਪਰ ਲਗਾਤਾਰ ਵਧ ਰਹੇ ਟਕਰਾਅ ਕਾਰਨ ਸੂਬਾਈ ਜਥੇਬੰਦੀਆਂ ਨੂੰ 4 ਜੂਨ ਨੂੰ ਹੀ ਐਲਾਨ ਕਰਨਾ ਪਿਆ ਕਿ ਉਹ ਛੇ ਜੂਨ ਤੋਂ ਹੜਤਾਲ ਵਾਪਸ ਲੈ ਰਹੀਆਂ ਹਨ।
ਦੇਸ਼ ਦਾ ਕਿਸਾਨ ਕਰਜ਼ੇ ਦੇ ਬੋਝ ਕਾਰਨ  ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਮੋਦੀ ਸਰਕਾਰ ਵੱਲੋਂ 2021 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਤੱਥਾਂ ਨਾਲ ਮੇਲ ਨਹੀਂ ਖਾਂਦੇ। ਖੇਤ ਮਜ਼ਦੂਰਾਂ ਦੀ ਹਾਲਤ ਵੀ ਬਹੁਤ ਮਾੜੀ ਹੈ। ਇੱਕ ਤੋਂ ਦਸ ਜੂਨ ਤੱਕ ਪਿੰਡਾਂ ਤੋਂ ਸ਼ਹਿਰਾਂ ਨੂੰ ਦੁੱਧ ਅਤੇ ਸਬਜ਼ੀਆਂ ਦੀ ਬੰਦੀ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਨਹੀਂ ਸਰਕੀ। ਪੰਜਾਬ ਸਮੇਤ ਵਿਰੋਧੀ ਧਿਰ ਨਾਲ ਸਬੰਧਤ ਸੂਬਾਈ ਸਰਕਾਰਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਰਸਮੀ ਬਿਆਨਬਾਜ਼ੀ ਵੀ ਕੀਤੀ ਸੀ, ਪਰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨੀਤੀਗਤ ਫ਼ੈਸਲੇ ਕਿੰਨੇ ਕੁ ਕਿਸਾਨ-ਪੱਖੀ ਹਨ, ਇਹ ਅਨੁਮਾਨ ਕਿਸਾਨ ਸਹਿਜੇ ਹੀ ਲਗਾ ਸਕਦੇ ਹਨ।
ਦੇਸ਼ ਦਾ ਧਿਆਨ ਖਿੱਚਣ ਲਈ ਇਸ ਤੋਂ ਪਹਿਲਾਂ ਤਿੰਨ ਵਿਲੱਖਣ ਅੰਦੋਲਨ ਹੋਏ ਹਨ। ਰਾਜਸਥਾਨ ਦੇ ਜ਼ਿਲ੍ਹੇ ਸੀਕਰ ਦਾ ਪਹਿਲੀ ਤੋਂ 10 ਸਤੰਬਰ 2017 ਤੱਕ ਚੱਲਿਆ ਅੰਦੋਲਨ, ਜੋ 14 ਜ਼ਿਲ੍ਹਿਆਂ ਤੱਕ ਫੈਲਿਆ ਅਤੇ ਸ਼ਾਂਤਮਈ ਰਹਿਣ ਦੇ ਨਾਲ ਦੀ ਨਾਲ ਇਸ ਵਿੱਚ ਡੀਜੇ, ਪਾਣੀ ਸਪਲਾਈ ਕਰਨ ਵਾਲੇ, ਆਰਾ ਮਸ਼ੀਨਾਂ, ਵਪਾਰੀਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਸਰਗਰਮ ਹਿੱਸੇਦਾਰੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਿਸਾਨ ਕੋਲ ਪੈਸਾ ਹੋਵੇਗਾ ਤਾਂ ਹੀ ਦੂਜੇ ਕਾਰੋਬਾਰ ਚੱਲਣਗੇ। ਔਰਤਾਂ ਇਸ ਅੰਦੋਲਨ ਦਾ ਵੱਡਾ ਹਿੱਸਾ ਸਨ। ਮਹਾਰਾਸ਼ਟਰ ਦੇ ਪੁਣਤਾਂਬਾ ਪਿੰਡ ਦੀ ਗ੍ਰਾਮ ਸਭਾ ਤੋਂ  ਬਾਅਦ ਸੂਬੇ ਦੀਆਂ ਲਗਪਗ ਦੋ ਹਜ਼ਾਰ ਗ੍ਰਾਮ ਸਭਾਵਾਂ ਵੱਲੋਂ ਦੋ ਮਹੀਨੇ ਪਹਿਲਾਂ ਪਹਿਲੀ ਜੂਨ ਤੋਂ ਸ਼ਹਿਰਾਂ  ਨੂੰ ਕੋਈ ਵਸਤੂ ਨਾ ਲਿਜਾਣ ਦੇ ਐਲਾਨ ਨੇ ਬਿਨਾ ਵੱਡੇ ਆਗੂਆਂ ਦੇ ਚਿਹਰਿਆਂ ਤੋਂ ਹੀ ਦੇਸ਼ ਭਰ ਦਾ ਧਿਆਨ ਖਿੱਚਣ ਵਿੱਚ ਕਾਮਯਾਬੀ ਹਾਸਲ ਕੀਤੀ। ਇਹ ਅੰਦੋਲਨ ਮੱਧ ਪ੍ਰਦੇਸ਼ ਤੱਕ ਫੈਲ ਗਿਆ। ਇੱਥੇ ਛੇ ਜੂਨ ਨੂੰ ਮੰਦਸੌਰ ਵਿੱਚ ਪੰਜ ਕਿਸਾਨਾਂ ਦੀ ਪੁਲੀਸ ਗੋਲੀ ਨਾਲ ਹੱਤਿਆ ਹੋ ਗਈ। ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨੇ ਤੁਰੰਤ ਕਿਸਾਨਾਂ ਨਾਲ ਗੱਲ ਕਰਕੇ ਕਰਜ਼ਾ ਮੁਆਫ਼ੀ ਸਮੇਤ ਕਈ ਐਲਾਨ ਕੀਤੇ। ਤੀਜਾ ਅੰਦੋਲਨ, ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਵਾਲਾ ਨਾਸਿਕ ਤੋਂ 180 ਕਿਲੋਮੀਟਰ ਪੈਦਲ ਚੱਲ ਕੇ ਮੁੰਬਈ ਪੁੁੱਜੇ ਗ਼ਰੀਬ ਕਿਸਾਨਾਂ ਦਾ ਜਥਾ ਸੀ, ਜੋ ਲੋਕਾਂ ਨੂੰ ਤਕਲੀਫ਼ ਦੇਣ ਤੋਂ ਗੁਰੇਜ਼ ਕਰਦਿਆਂ ਆਪ ਤਸੀਹੇ ਝੱਲ ਕੇ ਦੇਸ਼ ਪੱਧਰੀ ਧਿਆਨ ਖਿੱਚਣ ਵਿੱਚ ਕਾਮਯਾਬ ਹੋ ਗਿਆ। 40 ਹਜ਼ਾਰ  ਕਿਸਾਨਾਂ ਦੇ ਅੰਦੋਲਨ ਨੇ ਮੁੱਖ ਮੰਤਰੀ ਨੂੰ ਖ਼ੁਦ ਉਨ੍ਹਾਂ ਵਿੱਚ ਜਾ ਕੇ ਕਈ ਐਲਾਨ ਕਰਨ ਲਈ ਮਜਬੂਰ ਕਰ ਦਿੱਤਾ।
ਇਹ ਦਲੀਲ ਬੜੇ ਜ਼ੋਰ ਨਾਲ ਦਿੱਤੀ ਜਾਂਦੀ ਹੈ ਕਿ ਅੰਦੋਲਨ ਕਰੋ ਪਰ ਦੂਜਿਆਂ ਨੂੰ ਤਕਲੀਫ਼ ਨਾ ਹੋਵੇ, ਪਰ ਜੇਕਰ ਸਰੀਰ ਦਾ ਇੱਕ ਅੰਗ ਤਕਲੀਫ਼ ਵਿੱਚ ਹੋਵੇ ਤਾਂ ਦੁੱਖ ਸਾਰੇ ਸਰੀਰ ਨੂੰ ਝੱਲਣਾ ਪੈਂਦਾ ਹੈ, ਪਰ  ਇਹ ਇਸ ਕਦਰ ਨਾ ਹੋ ਜਾਵੇ ਕਿ ਵਿਰੋਧ ਸਾਰੀਆਂ ਹੱਦਾਂ ਪਾਰ ਕਰ ਜਾਵੇ। ਮਹਾਂਸੰਘ ਦੀ ਦਲੀਲ ਵਿੱਚ ਵਜ਼ਨ ਹੈ, ਜਦੋਂ ਸਰਕਾਰਾਂ ਜੰਤਰ  ਮੰਤਰ  ਅਤੇ ਸੂਬਾਈ ਰਾਜਧਾਨੀਆਂ ਵਿੱਚ ਕਿਸਾਨਾਂ ਦੇ ਇਕੱਠ ਕਰਨ ਉੱਤੇ ਪਾਬੰਦੀਆਂ ਲਾ ਦੇਣ ਤਾਂ ਕਿਸਾਨਾਂ ਨੂੰ ਹੜਤਾਲ ਤੋਂ  ਬਿਨਾ ਕੋਈ ਚਾਰਾ ਨਜ਼ਰ ਨਹੀਂ ਆਉਂਦਾ, ਪਰ ਨਾਲ ਇਹ ਵੀ ਜ਼ਰੂਰੀ ਹੈ ਕਿ ਪਿੰਡਾਂ ਵਿੱਚੋਂ  ਸਬਜ਼ੀ ਅਤੇ ਦੁੱਧ ਖ਼ਰੀਦ ਕੇ ਲੈ ਜਾਣ ਵਾਲਿਆਂ ਦੀ ਸੁਰੱਖਿਆ ਦੀ ਗਾਰੰਟੀ ਅਤੇ ਬਾਜ਼ਾਬਤਾ ਕਾਡਰ ਨਿਹਾਇਤ ਜ਼ਰੂਰੀ ਹੈ। ਔਰਤਾਂ ਦਾ ਪੰਜਾਬ ਦੇ ਅੰਦੋਲਨ ਵਿੱਚੋਂ ਗ਼ੈਰਹਾਜ਼ਰ ਰਹਿਣਾ ਮੌਜੂਦਾ ਅੰਦੋਲਨਾਂ  ਦੇ  ਹਿਸਾਬ ਨਾਲ ਬਹੁਤ  ਵੱਡੀ ਕਮਜ਼ੋਰੀ ਹੈ। ਕਿਸਾਨ ਦੁੱਧ,  ਸਬਜ਼ੀਆਂ ਤੇ ਅਨਾਜ ਪੈਦਾ ਕਰ ਕੇ ਸਭ ਦਾ ਢਿੱਡ ਭਰਦਾ ਹੈ। ਆਪਣੀ ਪੈਦਾਵਾਰ ਦਾ ਸਨਮਾਨ ਕਰਨਾ ਇਸ ਦੀ ਪਹਿਲੀ ਜ਼ਿੰਮੇਵਾਰੀ ਹੈ। ਦੁੱਧ ਅਤੇ ਸਬਜ਼ੀਆਂ ਸੜਕਾਂ ਉੱਤੇ ਖਿੰਡਾ ਦੇਣਾ ਅਤੇ ਹਰਿਆਣੇ ਦੇ ਜਾਟ ਅੰਦੋਲਨ ਦੀ ਤਰ੍ਹਾਂ ਮਾਰਕੁੱਟ ਦੀਆਂ ਘਟਨਾਵਾਂ ਵਾਪਰਨਾ ਅੰਦੋਲਨ ਦੀ ਅਸਫ਼ਲਤਾ ਦਾ ਕਾਰਨ ਬਣਦੀਆਂ ਹਨ। ਅਰਥਸ਼ਾਸਤਰੀ ਡਾ. ਗਿਆਨ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਦਰਦ ਜਾਇਜ਼ ਹੈ, ਪਰ ਦੁੱਧ ਤੇ ਸਬਜ਼ੀਆਂ ਸੜਕਾਂ  ਉੱਤੇ ਖਿੰਡਾਉਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਦੂਜੇ ਸੂਬਿਆਂ ਨਾਲੋਂ ਖੇਤੀ ਅਤੇ ਮੰਡੀ ਉੱਤੇ ਨਿਰਭਰਤਾ ਦੇ ਮਾਮਲੇ ਵਿੱਚ ਕਈ ਪੜਾਅ ਅੱਗੇ ਪਹੁੰਚ ਗਿਆ ਹੈ। ਖੇਤੀ ਅਰਥਚਾਰੇ ਦੀ ਕੁੱਲ ਘਰੇਲੂ ਪੈਦਾਵਾਰ ਦਾ ਇੱਕ ਤਿਹਾਈ ਦੁੱਧ ਤੋਂ ਆਉਂਦਾ ਹੈ।  ਛੋਟੇ ਅਤੇ ਸੀਮਾਂਤ ਕਿਸਾਨ ਤੇ ਮਜ਼ਦੂਰਾਂ  ਦਾ ਵੱਡਾ ਹਿੱਸਾ ਇਸ ਉੱਤੇ ਰੋਜ਼ੀ-ਰੋਟੀ ਲਈ ਨਿਰਭਰ ਹੈ। ਲਗਪਗ 90 ਫ਼ੀਸਦ ਦੁੱਧ ਗ਼ੈਰ-ਸੰਗਠਿਤ ਡੇਅਰੀ ਤੋਂ ਆਉਂਦਾ ਹੈ। ਇੰਨਾ ਵੱਡਾ ਸੱਦਾ ਦੇਣ ਤੋਂ ਪਹਿਲਾਂ  ਸ਼ਹਿਰੀਆਂ, ਦੋਧੀਆਂ ਤੇ ਕਿਸਾਨਾਂ ਨਾਲ ਜ਼ਮੀਨੀ ਪੱਧਰ ਉੱਤੇ ਮੀਟਿੰਗਾਂ ਦਾ ਸਿਲਸਿਲਾ ਚਲਾ ਕੇ ਫ਼ੈਸਲੇ  ਵਿੱਚ ਉਨ੍ਹਾਂ ਦੀ ਹਿੱਸੇਦਾਰੀ ਪਵਾਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਸਿੱਧੂਪੁਰ, ਲੱਖੋਵਾਲ ਤੇ ਬਹਿਰੂ ਸਮੇਤ ਕੁਝ ਹੋਰ ਜਥੇਬੰਦੀਆਂ ਨੇ ਇਸ ਦੀ ਹਮਾਇਤ ਕੀਤੀ, ਪਰ ਇਨ੍ਹਾਂ ਵਿੱਚ ਤਾਲਮੇਲ ਦੀ ਕਮੀ ਲਗਾਤਾਰ ਰੜਕ ਰਹੀ ਸੀ। ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਦੋ ਦਿਨ ਬਾਅਦ ਖੁੱਲ੍ਹ ਕੇ ਇਸ ਸੱਦੇ ਦਾ ਵਿਰੋਧ ਕੀਤਾ। ਰਾਜੇਵਾਲ ਨੇ ਕਿਹਾ ਕਿ ਤਿਆਰੀ ਤਾਂ ਪੂਰੀ ਸੀ, ਪਰ ਭਾਜਪਾ ਅਤੇ ਦੋਧੀਆਂ ਨੇ ਜਾਣ-ਬੁੱਝ ਕੇ ਮਾਹੌਲ ਵਿਗਾੜਨ ਦੀ ਸਾਜ਼ਿਸ਼ ਰਚੀ।