ਪਟਿਆਲਾ, 7 ਜੂਨ
ਪਾਵਰਕੌਮ ਦੇ ਨਵ ਨਿਯੁਕਤ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਅੱਜ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਦੀ ਮੌਜੂਦਗੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ| ਇਸ ਮੌਕੇ ਸ੍ਰੀ ਸਰਾਂ ਨੇ ਆਖਿਆ ਕਿ ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਹਰ ਹਾਲ ਵਿੱਚ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਅਦਾਰੇ ਵੱਲੋਂ ਪੁਖ਼ਤਾ ਤਰੀਕੇ ਨਾਲ ਪ੍ਰਬੰਧਾਂ ਨੂੰ ਅੰਜਾਮ ਦਿੱਤਾ ਜਾਵੇਗਾ। ਸੂਬੇ ਵਿੱਚ ਪ੍ਰਾਈਵੇਟ ਬਿਜਲੀ ਪਲਾਂਟਾਂ ਨਾਲ ਹੋਏ ਸਮਝੌਤਿਆਂ ਬਾਰੇ ਸਵਾਲ ਦੇ ਜਵਾਬ ਵਿੱਚ ਸ੍ਰੀ ਸਰਾਂ ਨੇ ਕਿਹਾ ਕਿ ਉਨ੍ਹਾਂ ਅਜੇ ਅਹੁਦਾ ਸੰਭਾਲਿਆ ਹੈ ਅਤੇ ਸਾਰੇ ਕੰਮ ਦੀ ਸਮੀਖਿਆ ਕਰਨ ਮਗਰੋਂ ਹੀ ਉਹ ਕੋਈ ਜਾਣਕਾਰੀ ਸਾਂਝੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇ ਨੂੰ ਲੈ ਕੇ ਭਾਵੇਂ ਕਈ ਚੁਣੌਤੀਆਂ ਹਨ ਪ੍ਰੰਤੂ ਅਦਾਰੇ ਦੀ ਸਰਬ ਵਿਆਪੀ ਬਿਹਤਰੀ ਲਈ ਕੋਈ ਕਸਰ ਨਹੀ ਛੱਡਣਗੇ| ਉਨ੍ਹਾਂ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਜਲੀ ਮੰਤਰੀ ਕਾਂਗੜ ਅਤੇ ਪਰਨੀਤ ਕੌਰ ਦਾ ਧੰਨਵਾਦ ਵੀ ਕੀਤਾ| ਇਸ ਮੌਕੇ ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਸਮੇਤ ਪਾਵਰਕੌਮ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਨਵੇਂ ਸੀਐਮਡੀ ਨੂੰ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ| ਸਮਾਗਮ ਦੌਰਾਨ ਸ੍ਰੀ ਸਰਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਹਨੀ ਸੇਖੋਂ,  ਡਾਇਰੈਕਟਰ ‘ਪ੍ਰਬੰਧਕੀ’ ਆਰ ਪੀ ਪਾਂਡਵ, ਡਾਇਰੈਕਟਰ ‘ਵੰਡ’ ਐਨ ਕੇ ਸ਼ਰਮਾ, ਡਾਇਰੈਕਟਰ ‘ਕਮਰਸ਼ੀਅਲ’ ਜਤਿੰਦਰ ਗੋਇਲ, ਉਪ ਸਕੱਤਰ ਹਰਪ੍ਰੀਤ ਸਿੰਘ ਔਲਖ, ਅਧੀਨ ਸਕੱਤਰ ਮਨਮੋਹਨ ਸਿੰਘ, ਮਨਜੀਤ ਸਿੰਘ ਚਹਿਲ ਸਮੇਤ ਵੱਡੀ ਗਿਣਤੀ ’ਚ ਅਧਿਕਾਰੀ ਹਾਜ਼ਰ ਸਨ|