ਪਟਿਆਲਾ, ਝੋਨੇ ਦੀ ਲਵਾਈ ਵਾਸਤੇ ਕਿਸਾਨ ਧਿਰਾਂ 10 ਤੋਂ 12 ਘੰਟੇ ਬਿਜਲੀ ਸਪਲਾਈ ਦੀ ਮੰਗ ਕਰਦੀਆਂ ਆ ਰਹੀਆਂ ਹਨ ਪਰ ਸਰਕਾਰ ਦਾ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਹੈ। ਇਸ ਦੇ ਬਾਵਜੂਦ ਕਈ ਥਾਈਂ ਕਿਸਾਨਾਂ ਨੂੰ ਅੱਠ ਦੀ ਬਜਾਏ ਸਿਰਫ਼ ਛੇ ਘੰਟੇ ਬਿਜਲੀ ਸਪਲਾਈ ਨਾਲ ਵੀ ਬੁੱਤਾ ਸਾਰਨਾ ਪੈ ਰਿਹਾ ਹੈ।
20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਦੇ ਚਾਰ ਦਿਨਾਂ ਵਿੱਚੋਂ ਦੋ ਦਿਨ ਪਟਿਆਲਾ ਜ਼ਿਲ੍ਹੇ ਦੇ 100 ਦੇ ਕਰੀਬ ਪਿੰਡਾਂ ਵਿੱਚ ਛੇ-ਛੇ ਘੰਟੇ ਬਿਜਲੀ ਸਪਲਾਈ ਮਿਲੀ ਹੈ, ਜਿਸ ਦੇ ਰੋਸ ਵਜੋਂ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਤੇ ਮੈਂਬਰਾਂ ਵੱਲੋਂ ਬਲਾਕ ਸਨੌਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੁੱਲੇਵਾਲ ਦੀ ਅਗਵਾਈ ਹੇਠ ਇੱਥੇ ਤੁੱਲੇਵਾਲ ਪਿੰਡ ਵਿਚਲੇ ਬਿਜਲੀ ਦੇ 66 ਕੇ.ਵੀ. ਗਰਿੱੱਡ ਦੇ ਮੂਹਰੇ ਧਰਨਾ ਦੇਣਾ ਪਿਆ।
ਇਸ ਦੌਰਾਨ ਕਿਸਾਨ ਜਿੱਥੇ ਪਾਰਵਕੌਮ ਤੋਂ ਆਪਣੇ ਵਾਅਦੇ ਮੁਤਾਬਕ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕਰ ਰਹੇ ਸਨ, ਉੱਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਦਿਨ ਛੇ-ਛੇ ਘੰਟੇ ਸਪਲਾਈ ਆਉਣ ਕਾਰਨ ਬਾਕੀ ਬੱਚਦੇ ਚਾਰ ਘੰਟੇ ਵੀ ਕਮੀ ਵਾਧੂ ਬਿਜਲੀ ਦੇ ਕੇ ਪੂਰੀ ਕੀਤੀ ਜਾਵੇ। ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਉੱਪਲ ਨੇ ਦੱਸਿਆ ਕਿ ਯੂਨੀਅਨ ਦੀ ਲੀਡਰਸ਼ਿਪ ਨਾਲ ਹੋਈਆਂ ਮੀਟਿੰਗਾਂ ਦੌਰਾਨ ਅਧਿਕਾਰੀਆਂ ਨੇ ਵਾਅਦਾ ਵੀ ਕੀਤਾ ਸੀ ਕਿ ਜੇਕਰ ਕਿਸੇ ਕਾਰਨ ਕਦੇ ਘੱਟ ਬਿਜਲੀ ਸਪਲਾਈ ਦੇਣੀ ਪਈ ਤਾਂ ਅਗਲੇ ਦਿਨਾਂ ਵਿੱਚ ਵੱਧ ਬਿਜਲੀ ਦੇ ਕੇ ਇਸ ਦੀ ਪੂਰਤੀ ਕਰ ਦਿੱਤੀ ਜਾਵੇਗੀ, ਜਿਸ ਤੋਂ ਪਾਵਰਕੌਮ ਮੈਨੇਜਮੈਂਟ ਨੂੰ ਵਾਅਦੇ ਤੋਂ ਨਹੀਂ ਭੱਜਣਾ ਚਾਹੀਦਾ। ਉਨ੍ਹਾਂ ਦੱਸਿਆ ਕਿ 21 ਤੇ 22 ਜੂਨ ਨੂੰ ਤੁੱਲੇਵਾਲ, ਪਸਿਆਣਾ, ਗਾਜੇਵਾਸ ਅਤੇ ਸਮਾਣਾ ਗਰਿੱੱਡਾਂ ਨਾਲ਼ ਸਬੰਧਤ 100 ਦੇ ਕਰੀਬ ਪਿੰਡਾਂ ਵਿੱਚ ਛੇ-ਛੇ ਘੰਟੇ ਬਿਜਲੀ ਸਪਲਾਈ ਹੀ ਮਿਲੀ ਹੈ। ਧਰਨੇ ਨੂੰ ਸੁਖਵਿੰਦਰ ਸਿੰਘ ਤੁੱਲੇਵਾਲ, ਕਰਜ਼ਾ ਸਿੰਘ ਅਸਰਪੁਰ ਚੁਪਕੀ ਤੇ ਮੁਖਤਿਆਰ ਸਿੰਘ ਦੁੱਲੜ ਆਦਿ ਨੇ ਵੀ ਸੰਬੋਧਨ ਕੀਤਾ।