ਬਠਿੰਡਾ, 28 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਪ੍ਰੇਮੀਆਂ ਦੀ ਹਿੰਸਾ ਕਾਰਨ ਮਾਲਵੇ ‘ਚ ਹੋਏ ਮਾਲੀ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੰਜਾਬ ਪੁਲੀਸ ਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਸ਼ਾਬਾਸ਼ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਡੇਰਾ ਸੀਲ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ‘ਚ ਧਾਰਮਿਕ ਸਮਾਗਮ ਕਰਨ ਤੋਂ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 98 ਡੇਰਿਆਂ ’ਚ ਸਰਚ ਕੀਤੀ ਹੈ, ਜਿਨ੍ਹਾਂ ’ਚੋਂ ਇੱਕ ਦੋ ਥਾਈਂ ਹੀ ਪਾਬੰਦੀਸ਼ੁਦਾ ਵਸਤਾਂ ਮਿਲੀਆਂ ਹਨ। ਉਨ੍ਹਾਂ ਸਖ਼ਤੀ ਨਾਲ ਕਿਹਾ ਕਿ ਡੇਰਿਆਂ ’ਚ ਸਮਾਜ ਤੇ ਦੇਸ਼ ਵਿਰੋਧੀ ਕੋਈ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ‘ਚ ਕਾਨੂੰਨ ਤੋੜਨ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ। ਡੇਰਾ ਪੈਰੋਕਾਰਾਂ ਨੇ ਸਰਕਾਰੀ ਤੇ ਪ੍ਰਾਈਵੇਟ ਸੰਪਤੀ ਦਾ ਜੋ ਨੁਕਸਾਨ ਕੀਤਾ ਹੈ, ਉਸ ਦੀ ਭਰਪਾਈ ਹਾਈ ਕੋਰਟ ਰਾਹੀਂ ਡੇਰਾ ਸਿਰਸਾ ਤੋਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰਾਂ ਨੂੰ ਨੁਕਸਾਨ ਦੀਆਂ ਸੂਚੀਆਂ ਤਿਆਰ ਕਰਨ ਵਾਸਤੇ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਸੱਤ ਪਰਿਵਾਰਾਂ ਦੇ ਜੀਅ ਚਲੇ ਗਏ ਹਨ, ਉਨ੍ਹਾਂ ਨੂੰ ਸਰਕਾਰੀ ਖ਼ਜ਼ਾਨੇ ’ਚੋਂ ਮੁਆਵਜ਼ਾ ਦੇਣ ਦੀ ਕੋਈ ਤੁਕ ਨਹੀਂ ਬਣਦੀ ਹੈ। ਕੈਪਟਨ ਅਮਰਿੰਦਰ ਨੇ ਕੇਂਦਰ ਤੇ ਭਾਜਪਾ ਖ਼ਿਲਾਫ਼ ਕੁਝ ਬੋਲਣ ਤੋਂ ਪਾਸਾ ਵੱਟਦਿਆਂ ਪ੍ਰਧਾਨ ਮੰਤਰੀ ਵੱਲੋਂ ਅੱਜ ਕੀਤੇ ਟਵੀਟ ‘ਧਰਮ ਦੇ ਨਾਂ ’ਤੇ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ’ ਦਾ ਸਵਾਗਤ ਕੀਤਾ। ਪੰਚਕੂਲਾ ਹਿੰਸਾ ਦੀ ਪੜਤਾਲ ਬਾਰੇ ਉਨ੍ਹਾਂ ਕਿਹਾ ਕਿ ਇਹ ਦੂਜੇ ਸੂਬੇ ਦਾ ਮਾਮਲਾ ਹੈ। ਇਸ ਬਾਰੇ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਉਨ੍ਹਾਂ ਦੱਸਿਆ ਕਿ ਮਾਲਵੇ ‘ਚ ਹੋਈ ਹਿੰਸਾ ਸਬੰਧੀ 23 ਕੇਸ ਦਰਜ ਕਰਕੇ 30 ਪ੍ਰੇਮੀ ਗ੍ਰਿਫ਼ਤਾਰ ਕੀਤੇ ਹਨ ਅਤੇ 62 ਪੈਟਰੋਲ ਬੰਬ ਬਰਾਮਦ ਕੀਤੇ ਹਨ।
ਮੁੱਖ ਮੰਤਰੀ ਨੇ ਅੱਜ ਮਾਨਸਾ, ਗਿੱਦੜਬਾਹਾ ਤੋਂ ਇਲਾਵਾ ਬੱਲੂਆਣਾ ਤੇ ਮਲੋਟ ਦੇ ਰੇਲਵੇ ਸਟੇਸ਼ਨ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਹ ਮੌੜ ਤੇ ਬਠਿੰਡਾ ’ਚ ਤਾਇਨਾਤ ਪੁਲੀਸ ਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਫਲ ਵੰਡੇ। ਮੁੱਖ ਮੰਤਰੀ ਨਾਲ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਡੀਜੀਪੀ ਸੁਰੇਸ਼ ਅਰੋੜਾ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਗੁਰਪ੍ਰੀਤ ਕਾਂਗੜ ਅਤੇ ਪ੍ਰੀਤਮ ਕੋਟਭਾਈ ਵੀ ਸਨ।