 ਬਾਬਾ ਇਸ ਸਾਲ ਜੁਲਾਈ ਮਹੀਨੇ ‘ਚ ਹੋਏ ਕਤਲ ‘ਚ ਲੋੜੀਂਦਾ ਸੀ

ਜਲੰਧਰ/ਚੰਡੀਗੜ• 11 ਦਸੰਬਰ 2018
ਇਸ ਸਾਲ 27 ਜੁਲਾਈ ਨੂੰ ਅਜੈ ਕੁਮਾਰ ਦੋਨਾ ਵਾਸੀ ਵਾਲਮਿਕੀ ਮੁਹੱਲਾ ਦਕੋਹਾ ਦੇ ਹੋਏ ਕਤਲ ਕੇਸ ਵਿੱਚ ਸ਼ਾਮਿਲ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਬਾਬਾ ਨੂੰ ਕਾਊਂਟਰ ਇੰਟੈਲੀਜੈਂਸ ਅਤੇ ਕਮਿਸ਼ਨਰੇਟ ਪੁਲਿਸ ਵਲੋਂ ਸਾਂਝੇ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਕ ਪ੍ਰੈਸ ਬਿਆਨ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਏ.ਆਈ.ਜੀ.ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ਼ ਬਾਬਾ (39 ਸਾਲ ) ਪੁੱਤਰ ਜਸਵੀਰ ਸਿੰਘ ਪਿੰਡ ਫੋਲੜੀਵਾਲ ਇਸ ਕਤਲ ਕੇਸ ਸਮੇਤ ਕਤਲ ਦੀ ਕੋਸ਼ਿਸ਼, ਡਾਕਾ ਮਾਰਨ ਅਤੇ ਹੋਰ ਅੱਧੀ ਦਰਜਨ ਕੇਸਾਂ ਵਿੱਚ ਸ਼ਾਮਿਲ ਹੈ। ਉਨਾਂ ਕਿਹਾ ਕਿ ਬਾਬਾ ਇਕ ਭਗੌੜਾ ਮੁਜ਼ਰਮ ਹੈ ਜੋ ਪੁਲਿਸ ਨੂੰ ਬਹੁਤ ਸਾਰੇ ਕੇਸਾਂ ਵਿੱਚ ਲੋੜੀਂਦਾ ਸੀ।
ਸ੍ਰੀ ਖੱਖ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਨੂੰ ਗੁਰਵਿੰਦਰ ਸਿੰਘ ਦੇ ਆਪਣੇ ਪਿੰਡ ਆਉਣ ਸਬੰਧੀ ਸੂਚਨਾ ਮਿਲੀ ਸੀ ਅਤੇ ਇਸ ਸੂਚਨਾ ਨੂੰ ਜਲਦੀ ਹੀ ਕਮਿਸ਼ਨਰੇਟ ਪੁਲਿਸ ਨਾਲ ਸਾਂਝਾ ਕਰਕੇ ਕਾਊਂਟਰ ਇੰਟੈਲੀਜੈਂਸ ਤੇ ਰਾਮਾ ਮੰਡੀ ਪੁਲਿਸ ਸਟੇਸ਼ਨ ਦੀ ਟੀਮ ਗਠਿਤ ਕਰਕੇ ਅਰਬਨ ਅਸਟੇਟ ਰੇਲਵੇ ਫਾਟਕ ਨੇੜੇ ਨਾਕਾ ਲਗਾ ਕੇ ਗੈਂਗਸਰਟ ਗੁਰਵਿੰਦਰ ਸਿੰਘ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ•ਾਂ ਦੱਸਿਆ ਕਿ ਗੁਰਵਿੰਦਰ ਸਿੰਘ ਮੁੱਖ ਤੌਰ ‘ਤੇ ਰਾਜਸਥਾਨ ਨਾਲ ਸਬੰਧ ਰੱਖਦਾ ਹੈ ਪਰ ਉਸ ਦੇ ਪਿਤਾ ਦੀ 1981 ਵਿੱਚ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਮਾਤਾ ਨੇ ਉਸ ਦੇ ਨਾਨਕੇ ਪਿੰਡ ਫੋਲੜੀਵਾਲ ਵਿਖੇ ਰਹਿਣਾ ਸ਼ੁਰੂ ਕਰ ਦਿੱਤਾ। ਏ.ਆਈ.ਜੀ.ਨੇ ਅੱਗੇ ਦੱਸਿਆ ਕਿ ਗੁਰਵਿੰਦਰ ਸਿੰਘ ਉਰਫ਼ ਬਾਬਾ ਗੈਂਗਸਟਰ ਸੁੱਖੀ ਧੀਰੋਵਾਲੀਆ ਵਲੋਂ ਦੁਆਬਾ ਖੇਤਰ ਵਿੱਚ ਚਲਾਏ ਜਾ ਰਹੇ ‘ਸ਼ੇਰੋ ਗਰੁੱਪ’ ਦਾ ਮੈਂਬਰ ਹੈ ।
ਉਨ•ਾ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੁਰਵਿੰਦਰ ਸਿੰਘ ਉਰਫ਼ ਬਾਬਾ ਨੇ ਦੱਸਿਆ ਕਿ 27 ਜੁਲਾਈ ਨੂੰ ਅਜੈ ਕੁਮਾਰ ਦੋਨਾ ਨੂੰ ਰਾਮਾ ਮੰਡੀ ਵਿਖੇ ਜਿੰਮ ਤੋਂ ਬਾਹਰ ਆਉਂਦੇ ਹੀ ਉਸ ਦੇ ਸਾਥੀ ਅਰਜਨ ਸਹਿਗਲ ਅਤੇ ਹੋਰਨਾਂ ਵਲੋਂ ਚਾਰ ਗੋਲੀਆਂ ਮਾਰੀਆਂ ਗਈਆਂ ਅਤੇ ਰਾਮਾ ਮੰਡੀ ਵਿੱਚ ਭੀੜ ਦਾ ਫਾਇਦਾ ਉਠਾਉਂਦੇ ਹੋਏ ਉਹ ਮੌਕੇ ਤੋਂ ਫਰਾਰ ਹੋ ਗਏ। ਸ੍ਰੀ ਖੱਖ ਨੇ ਅੱਗੇ ਦੱਸਿਆ ਕਿ ਇਸ ਕਤਲ ਦੀ ਯੋਜਨਾ ਬਾਬਾ ਦੇ ਪਿੰਡ ਫੋਲੜੀਵਾਲ ਵਿਖੇ ਘਰ ਵਿੱਚ ਬਣਾਈ ਗਈ ਸੀ ਅਤੇ ਬਾਬਾ ਹੀ ਇਸ ਕਤਲ ਦਾ ਮੁੱਖ ਫਾਈਨਾਂਸਰ ਸੀ। ਉਨ•ਾਂ ਦੱਸਿਆ ਕਿ ਦੋਸੀਆਂ ਵਲੋਂ ਇਸ ਜਗ•ਾ ਦੀ ਚੋਣ ਇਸ ਕਰਕੇ ਕੀਤੀ ਗਈ ਸੀ ਕਿਉਂਕਿ ਜਿੰਮੇ ਜਾਂਦੇ ਸਮੇਂ ਅਜੇ ਕੁਮਾਰ ਦੋਨਾ ਵਲੋਂ ਕੋਈ ਹਥਿਆਰ ਆਪਣੇ ਕੋਲ ਨਹੀਂ ਰੱਖਿਆ ਜਾਂਦਾ ਸੀ।
ਕਤਲ ਤੋਂ ਬਾਅਦ ਦੋਸ਼ੀਆਂ ਵਲੋਂ ਸਾਰੀ ਰਾਤ ਪਿੰਡ ਫੋਲੜੀਵਾਲ ਵਿਖੇ ਬਾਬਾ ਦੇ ਘਰ ਵਿਖੇ ਬਿਤਾਈ ਗਈ ਅਤੇ ਅਗਲੇ ਦਿਨ ਉਹ ਸਾਰੇ ਵੱਖੋ-ਵੱਖ ਹੋ ਗਏ ਤੇ ਬਾਬਾ ਰਾਜਸਥਾਨ ਵਿਖੇ ਆਪਣੇ ਜੱਦੀ ਘਰ ਵਿਖੇ ਚਲਿਆ ਗਿਆ ਜਿਥੇ ਉਹ ਕਈ ਮਹੀਨੇ ਰਿਹਾ। ਰਾਜਸਥਾਨ ਵਿਖੇ ਰਹਿਣ ਤੋਂ ਬਾਅਦ ਬਾਬਾ ਵਾਪਿਸ ਆਇਆ ਅਤੇ ਲੰਬੀਆਂ ਮੁੱਛਾਂ ਤੇ ਦਾੜੀ ਰੱਖ ਕੇ ਆਪਣੀ ਪਹਿਚਾਣ ਬਦਲਣ ਦੀ ਕੋਸ਼ਿਸ਼ ਕੀਤੀ। ਉਨ•ਾਂ ਕਿਹਾ ਕਿ ਉਹ ਲਗਾਤਾਰ ਆਪਣੀ ਛੁਪਣ ਦੀਆਂ ਜਗ•ਾ ਬਦਲ ਕੇ ਪੁਲਿਸ ਨੂੰ ਚਕਮਾ ਦਿੰਦਾ ਰਿਹਾ ਹੈ।
ਕਮਿਸ਼ਨਰੇਟ ਪੁਲਿਸ ਵਲੋਂ ਪਹਿਲਾਂ ਹੀ ਜਗਦੀਪ ਸਿੰਘ ਉਰਫ਼ ਜੱਗਾ, ਯੋਗਰਾਜ ਸਿੰਘ ਉਰਫ਼ ਯੋਗਾ ਅਤੇ ਮੁਕੇਸ਼ ਕੁਮਾਰ ਉਰਫ਼ ਲਾਲਾ ਨੂੰ ਇਸ ਕਤਲ ਕੇਸ ਨਾਲ ਸਬੰਧਿਤ ਹੋਣ ਕਰਕੇ 2 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਅਤੇ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਬਾਬਾ ਅਤੇ ਅਰਜਨ ਸਹਿਗਲ ਦੀ ਅਜੇ ਭੱਜੇ ਹੋਏ ਸਨ।
ਏ.ਆਈ.ਜੀ.ਨੇ ਦੱਸਿਆ ਕਿ ਪੁਲਿਸ ਪਾਰਟੀ ਗੁਰਵਿੰਦਰ ਸਿੰਘ ਉਰਫ਼ ਬਾਬਾ ਨੂੰ ਉਸ ਦੇ ਸਾਥੀ ਅਰਜਨ ਸਹਿਗਲ ਨਾਲ ਗ੍ਰਿਫ਼ਤਾਰ ਕਰਨ ਲਈ ਪੂਰੀ ਤਰ•ਾਂ ਚੌਕਸ ਸੀ।