ਚੰਡੀਗੜ, 18 ਫਰਵਰੀ : ਪੰਜਾਬ ਸਰਕਾਰ ਵੱਲੋਂ ਨੰਬਰਦਾਰਾ ਨੂੰ ਦਿੱਤੇ ਜਾਂਦੇ ਮਾਣਭੱਤੇ ਨੂੰ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਾਲ ਮੰਤਰੀ ਪੰਜਾਬ ਦੇ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇੱਥੇ ਪ੍ਰਵਾਨਗੀ ਦੇ ਦਿੱਤੀ। ਸ੍ਰੀ ਕਾਂਗੜ ਨੇ ਇਹ ਪ੍ਰਵਾਨਗੀ ਪੰਜਾਬ ਨੰਬਰਦਾਰਾ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਮੰਗਾਂ ਸਬੰਧੀ ਕੀਤੀ ਗਈ ਮੁਲਾਕਾਤ ਵਿੱਚ ਦਿੱਤੀ ਗਈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਮਾਲ ਮੰਤਰੀ ਨੂੰ ਨੰਬਰਦਾਰ ਯੂਨੀਅਨ ਪੰਜਾਬ ਦਾ ਵਫ਼ਦ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਣ ਲਈ ਆਇਆ ਸੀ ਜਿਸ ਦੌਰਾਨ ਵਫ਼ਦ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਉਨਾਂ ਨੂੰ ਤਹਿਸੀਲ ਦਫਤਰਾਂ ਅਤੇ ਜ਼ਿਲਾ ਦਫਤਰਾਂ ਵਿੱਚ ਬੈਠਣ ਲਈ ਕਮਰਾ ਨਹੀਂ ਅਲਾਟ ਕੀਤਾ ਗਿਆ ਜਿਸ ਕਾਰਨ ਨੰਬਰਦਾਰਾ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਉਨਾਂ ਨੇ ਨੰਬਰਦਾਰਾ ਨੂੰ ਮਿਲਣ ਵਾਲੇ ਮਾਣਭੱਤੇ ਵਿੱਚ ਵਾਧੇ ਅਤੇ ਇਨਸ਼ੋਰੈਂਸ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨਾਂ ਨੇ ਆਪਣੀਆਂ ਹੋਰ ਕਈ ਮੰਗਾਂ ਵੀ ਧਿਆਨ ਵਿੱਚ ਲਿਆਂਦੀਆਂ।
ਸ੍ਰੀ ਕਾਂਗੜ ਨੇ ਵਫ਼ਦ ਦੀਆਂ ਮੰਗਾਂ ਨੂੰ ਬਹੁਤ ਧਿਆਨ ਪੂਰਵਕ ਸੁਣਿਆ ਅਤੇ ਮੌਕੇ ਤੇ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਮਾਣਭੱਤੇ ਨੂੰ ਵਧਾ ਕੇ 2000 ਰੁਪਏ ਕਰਨ ਦੇ ਹੁਕਮ ਦਿੱਤੇ ਅਤੇ ਭਵਿੱਖ ਵਿੱਚ ਉਸਾਰੇ ਜਾਣ ਵਾਲੇ ਸਮੂਹ ਤਹਿਸੀਲ ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸਾਂ ਵਿੱਚ ਨੰਬਰਦਾਰ ਲਈ ਵਿਸ਼ੇਸ਼ ਤੌਰ ਤੇ ਤਿਆਰ ਕਰਵਾਉਣ ਦੇ ਹੁਕਮ ਜਾਰੀ ਕਰਨ ਦੇ ਆਦੇਸ਼ ਦਿੱਤੇ ਇਸ ਤੋਂ ਇਲਾਵਾ ਇਹ ਵੀ ਆਦੇਸ਼ ਦਿੱਤੇ ਜੇਕਰ ਕਿਸੇ ਤਹਿਸੀਲ ਜਾਂ ਜ਼ਿਲਾ ਪ੍ਰਬੰਧਕੀ ਕੰਪਲੈਕਸਾਂ ਵਿੱਚ ਨੰਬਰਦਾਰ ਆਪਣੇ ਨਿੱਜੀ ਖਰਚੇ ਤੇ ਉਸਾਰਨ ਲਈ ਤਿਆਰ ਹਨ ਤਾਂ ਉਨਾਂ ਨੂੰ ਜਮੀਨ ਅਲਾਟ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰ ਦਿੱਤੇ ਜਾਣ।