ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਮੱਦਦ ਲਈ ਨਾ ਤਾਂ ਸਥਾਈ ਮੁੱਲ ਫੰਡ ਦਾ ਇਸਤੇਮਾਲ ਕਰ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਕਿਰਾਇਆ ਜਾਂ ਭੰਡਾਰਣ ਸਬਸਿਡੀ ਦੇ ਰਹੀ ਹੈ
ਚੰਡੀਗੜ•/05 ਜਨਵਰੀ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਕਾਂਗਰਸੀ ਸਾਂਸਦਾਂ ਨੂੰ ਕਿਹਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਜਾ ਕੇ ਆਲੂ ਵੇਚਣ ਤਾਂ ਕਿ ਕੈਪਟਨ ਪੰਜਾਬ ਦੇ ਆਲੂ ਉਤਪਾਦਕਾਂ ਦੀਆਂ ਤਕਲੀਫਾਂ ਬਾਰੇ ਜਾਣ ਸਕੇ ਅਤੇ ਉਹਨਾਂ ਦੀ ਮੱਦਦ ਲਈ ਅੱਗੇ ਆਵੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਬਾਕੀ ਸਾਂਸਦਾਂ ਨੂੰ ਚਰਚਾ ‘ਚ ਰਹਿਣ ਲਈ ਹੋਛੀਆਂ ਹਰਕਤਾਂ ਕਰਨ ਤੋਂ ਵਰਜਦਿਆਂ ਬੀਬੀ ਬਾਦਲ ਨੇ ਕਿਹਾ ਕਿ ਜੇਕਰ ਉਹ ਸੱਚਮੁੱਚ ਹੀ ਆਲੂ ਉਤਾਪਾਦਕਾਂ ਦੀ ਮੱਦਦ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸੰਸਦ ਦੀ ਬਜਾਇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਬੀਬੀ ਬਾਦਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਜਾਖੜ ਅਤੇ ਦੂਸਰੇ ਕਾਂਗਰਸੀ ਸਾਂਸਦ ਭੁੱਲਣ ਦੀ ਬੀਮਾਰੀ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਉਹਨਾਂ ਨੂੰ ਯਾਦ ਹੋਣਾ ਸੀ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਵਿਚ ਸਥਾਈ ਮੁੱਥਲ ਫੰਡ ਕਾਇਮ ਕਰਨ ਦਾ ਐਲਾਨ ਕੀਤਾ ਸੀ, ਜਿਸ ਦਾ ਉਦੇਸ਼ ਫਸਲ ਦਾ ਭਾਅ ਡਿੱਗਣ ਉੱਤੇ ਪੀੜਤ ਕਿਸਾਨਾਂ ਦੀ ਮੱਦਦ ਕਰਨਾ ਸੀ। ਉੁਹਨਾਂ ਕਿਹਾ ਕਿ ਕਾਂਗਰਸ ਸਰਕਾਰ ਇਸ ਫੰਡ ਬਾਰੇ ਭੁੱਲ ਚੁੱਕੀ ਹੈ ਅਤੇ ਆਲੂ ਉਤਪਾਦਕਾਂ ਦਾ ਸੰਕਟ ਦੂਰ ਕਰਨ ਲਈ ਇੱਕ ਉਂਗਲ ਵੀ ਉਠਾ ਰਹੀ ਹੈ। ਦੂਜੇ ਪਾਸੇ ਜਾਖੜ ਪੰਜਾਬ ਦੀ ਬਜਾਇ ਦਿੱਲੀ ਵਿਚ ਰੋਸ ਪ੍ਰਦਰਸ਼ਨ ਕਰ ਰਿਹਾ ਹੈ।
ਜਾਖੜ ਨੂੰ ਇਹ ਪੁੱਛਦਿਆਂ ਕਿ ਕਾਂਗਰਸ ਸਰਕਾਰ ਨੂੰ ਆਲੂ ਉਤਪਾਦਕਾਂ ਲਈ ਰਾਹਤ ਪੈਕਜ ਦਾ ਐਲਾਨ ਕਰਨ ਤੋਂ ਕਿਹੜੀ ਚੀਜ਼ ਰੋਕ ਰਹੀ ਹੈ, ਬੀਬੀ ਬਾਦਲ ਨੇ ਕਿਹਾ ਕਿ ਸਰਕਾਰ ਆਲੂ ਉਤਪਾਦਕਾਂ ਨੂੰ 6 ਰੁਪਏ ਤੋਂ 8 ਰੁਪਏ ਪ੍ਰਤੀ ਕਿਲੋ ਤਿਆਰ ਹੋਏ ਆਲੂ ਮਜਬੂਰ ਹੋ ਕੇ 3 ਰੁਪਏ ਕਿਲੋ ਵੇਚਣ ਤੋਂ ਰੋਕਣ ਲਈ ਮਿਡ ਡੇਅ ਮੀਲ ਅਤੇ ਆਟਾ ਦਾਲ ਸਕੀਮ ਆਦਿ ਵਾਸਤੇ ਆਲੂ ਖਰੀਦ ਸਕਦੀ ਹੈ। ਉਹਨਾਂ ਕਿਹਾ ਕਿ ਸਰਕਾਰ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀ ਤਰਜ਼ ਉੱਤੇ ਆਲੂ ਉਤਪਾਦਕਾਂ ਲਈ ਕਿਰਾਇਆ ਅਤੇ ਭੰਡਾਰਣ ਸਬਸਿਡੀਆਂ ਸ਼ੁਰੂ ਕਰ ਸਕਦੀ ਹੈ। ਉਹਨਾਂ ਕਿਹਾ ਕਿ ਇਸ ਸਭ ਕਰਨ ਦੀ ਥਾਂ ਜਾਖੜ ਦੀ ਟੋਲੀ ਲੋਕਾਂ ਨੂੰ ਮੂਰਖ ਬਣਾਉਣ ਲਈ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੇਂਦਰ ਸਰਕਾਰ ਆਲੂ ਉਤਪਾਦਕਾਂ ਦੀ ਮੱਦਦ ਨਹੀਂ ਕਰ ਰਹੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਹੈ। ਕਾਂਗਰਸ ਸਰਕਾਰ ਆਲੂਆਂ ਸਮੇਤ ਖੁਰਾਕੀ ਵਸਤਾਂ ਦਾ ਮੁੱਲ ਵਧਾਉਣ ਲਈ ਕੋਈ ਦੀਰਘਕਾਲੀ ਹੱਲ ਲੱਭਣ ਲਈ ਵੀ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਲੁਧਿਆਣਾ ਵਿਚ ਲਾਡੋਵਾਲੀ ਫੂਡ ਪਾਰਕ ਦਾ ਉਦਘਾਟਨ ਕਰਨ ਤੋਂ ਰੋਕਿਆ ਜਾ ਰਿਹਾ ਹੈ, ਕਿਉਂਕਿ ਕਾਂਗਰਸ ਸਰਕਾਰ ਡਰਦੀ ਹੈ ਕਿ ਮੈਨੂੰ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਇਸ ਕਾਰਜ ਦਾ ਸਿਹਰਾ ਮਿਲ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਸਕੀਮਾਂ ਵਿਚ ਵੀ ਕੋਈ ਦਿਲਚਸਪੀ ਨਹੀਂ ਵਿਖਾਈ ਹੈ। ਇਹਨਾਂ ਸਾਰੀਆਂ ਗੱਲਾਂ ਦੀ ਰੋਸ਼ਨੀ ਵਿਚ ਇਹੋ ਜਾਪਦਾ ਹੈ ਕਿ ਕਾਂਗਰਸੀ ਸਾਂਸਦ ਆਪਣੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਲਈ ਜਾਣ ਬੁੱਝ ਕੇ ਅਜਿਹੇ ਜਾਅਲੀ ਪ੍ਰਦਰਸ਼ਨ ਕਰ ਰਹੇ ਹਨ।