ਬਠਿੰਡਾ, ਕੈਪਟਨ ਹਕੂਮਤ ਨੇ ‘ਕਿੱਲ੍ਹਿਆਂਵਾਲੀ ਰੈਲੀ’ ਦੀ ਪੰਜਾਲੀ ਹੁਣ ਚੋਣਾਂ ਜਿੱਤੇ ਨਵੇਂ ਭਲਵਾਨਾਂ ‘ਤੇ ਪਾ ਦਿੱਤੀ ਹੈ, ਜਿਨ੍ਹਾਂ ਨੇ ਹਾਲੇ ਸਹੁੰ ਵੀ ਨਹੀਂ ਚੁੱਕੀ ਹੈ। ਚੋਣਾਂ ਜਿੱਤਣ ਦੇ ਚਾਅ ਵਿਚ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਸਮਿਤੀ ਮੈਂਬਰ ਕੈਪਟਨ ਦੀ ਰੈਲੀ ਲਈ ਪੱਬਾਂ ਭਾਰ ਹਨ, ਜੋ ਅੱਗੇ ਸਰਪੰਚੀ ਦੇ ਦਾਅਵੇਦਾਰ ਹਨ, ਉਹ ਵੀ ਹਾਕਮ ਧਿਰ ਦੇ ਕਾਫ਼ੀ ਸੂਤ ਬੈਠ ਗਏ ਹਨ। ਸਰਪੰਚੀ ਦੇ ਲਾਲੀਪਾਪ ਕਰਕੇ ਇਨ੍ਹਾਂ ਉਮੀਦਵਾਰਾਂ ਵੱਲੋਂ ਵੀ ਰੈਲੀ ਦੇ ਇਕੱਠ ਲਈ ਯੋਗਦਾਨ ਪਾਇਆ ਜਾਣਾ ਹੈ। ਪੰਚਾਇਤ ਮੰਤਰੀ ਪੰਜਾਬ ਆਖ ਚੁੱਕੇ ਹਨ ਕਿ ਨਵੇਂ ਚੁਣੇ ਸਮਿਤੀ ਮੈਂਬਰਾਂ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਇਕੱਠੇ ਇੱਕ ਥਾਂ ‘ਤੇ ਮੁੱਖ ਮੰਤਰੀ ਪੰਜਾਬ ਸਹੁੰ ਚੁਕਾਉਣਗੇ, ਜੋ ਕਿੱਲਿਆਂਵਾਲੀ ਰੈਲੀ ਤੋਂ ਮਗਰੋਂ ਸਮਾਗਮ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 7 ਅਕਤੂਬਰ ਨੂੰ ਕਿੱਲ੍ਹਿਆਂਵਾਲੀ ਵਿਚ ਵੱਡੀ ਰੈਲੀ ਕਰ ਰਹੇ ਹਨ, ਜਿਨ੍ਹਾਂ ਦੀ ਤਿਆਰੀ ਵਿਚ ਸੱਤ ਵਜ਼ੀਰ ਲਾਏ ਹਨ। ਕਾਂਗਰਸ ਸਰਕਾਰ ਵੱਲੋਂ ਇਸ ਰੈਲੀ ਲਈ ਕਰੀਬ ਦੋ ਹਜ਼ਾਰ ਤੋਂ ਉਪਰ ਬੱਸਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਪੰਜਾਬ ਨੇ ਹਦਾਇਤ ਕੀਤੀ ਹੈ ਕਿ ਬੱਸਾਂ ਦੇ ਕਿਰਾਏ ਤੇ ਡੀਜ਼ਲ ਦਾ ਭਾਰ ਹਰ ਹਲਕੇ ਦਾ ਵਿਧਾਇਕ ਜਾਂ ਹਲਕਾ ਇੰਚਾਰਜ ਚੁੱਕੇਗਾ ਅਤੇ ਸਰਕਾਰੀ ਖ਼ਜ਼ਾਨੇ ’ਚੋਂ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ। ਅਹਿਮ ਸੂਤਰਾਂ ਨੇ ਦੱਸਿਆ ਕਿ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਜਿੱਤੇ ਨਵੇਂ ਖਿਡਾਰੀ ਸ਼ਿੰਗਾਰ ਲਏ ਹਨ, ਜਿਨ੍ਹਾਂ ਤੇ ਇਹ ਰੈਲੀ ਭਾਰੀ ਪਵੇਗੀ। ਸੂਤਰ ਦੱਸਦੇ ਹਨ ਕਿ ਜੋ ਜ਼ਿਲ੍ਹਾ ਪਰਿਸ਼ਦ ਅਤੇ ਸਮਿਤੀ ਦੀ ਚੇਅਰਮੈਨੀ ਦੇ ਦਾਅਵੇਦਾਰ ਹਨ, ਉਨ੍ਹਾਂ ਨੂੰ ਬੱਸਾਂ ਭਰਨ ਦੇ ਕੋਟੇ ਲਾਏ ਗਏ ਹਨ। ਹਰ ਹਲਕੇ ਨੂੰ 150 ਦੇ ਕਰੀਬ ਬੱਸ ਦਿੱਤੀ ਗਈ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਸ਼ਹਿਰੀ ਹਲਕੇ ਲਈ 100 ਬੱਸ ਲਈ ਹੈ, ਜਿਸ ਦਾ ਪੈਸਾ ਖ਼ੁਦ ਮਨਪ੍ਰੀਤ ਬਾਦਲ ਦੇਣਗੇ। ਕਈ ਨਵੇਂ ਜਿੱਤੇ ਮੈਂਬਰਾਂ ਨੇ ਦੱਸਿਆ ਕਿ ਸਹੁੰ ਹਾਲੇ ਚੁੱਕੀ ਨਹੀਂ , ਰੈਲੀ ਦਾ ਭਾਰ ਸਿਰ ’ਤੇ ਪੈ ਗਿਆ ਹੈ। ਨਾਲੇ ਇਕੱਠ ਕਰਨਾ ਹੈ ਅਤੇ ਨਾਲੇ ਜੇਬ ਢਿੱਲੀ ਕਰਨੀ ਹੈ। ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿੱਲਿਆਂ ਵਾਲੀ ਰੈਲੀ ਵਿਚ ਕਰੀਬ ਦੋ ਲੱਖ ਦਾ ਇਕੱਠ ਹੋਣਾ ਹੈ ਅਤੇ ਹਰ ਹਲਕੇ ਨੂੰ 150 ਬੱਸ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਦਾ ਸਰਕਾਰੀ ਖ਼ਜ਼ਾਨੇ ਤੇ ਕੋਈ ਭਾਰ ਨਹੀਂ ਪਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਮਿਤੀ ਤੇ ਪਰਿਸ਼ਦ ਦੇ ਨਵੇਂ ਜਿੱਤੇ ਮੈਂਬਰ ਵੀ ਉਨ੍ਹਾਂ ਦਾ ਅੰਗ ਹਨ, ਜਿਸ ਕਰਕੇ ਉਹ ਵੀ ਰੈਲੀ ਦੀ ਕਾਮਯਾਬੀ ਲਈ ਯੋਗਦਾਨ ਪਾ ਰਹੇ ਹਨ। ਭਾਵੇਂ ਕਾਂਗਰਸ ਇਸ ਰੈਲੀ ‘ਤੇ ਪੱਲਿਓਂ ਖ਼ਰਚ ਕਰੇਗੀ ਪਰ ਬਠਿੰਡਾ ਦੇ ਪ੍ਰਾਈਵੇਟ ਬੱਸ ਮਾਲਕਾਂ ਦੇ ਕਾਂਗਰਸ ਨੇ ਪੁਰਾਣੇ 17 ਲੱਖ ਦੇ ਬਕਾਏ ਹਾਲੇ ਤੱਕ ਨਹੀਂ ਦਿੱਤੇ ਹਨ। ਸਰਕਾਰ ਬਣਨ ਮਗਰੋਂ ਵਿਸਾਖੀ ਕਾਨਫ਼ਰੰਸ ਲਈ ਕਾਂਗਰਸ ਨੇ ਬੱਸਾਂ ਲਈਆਂ ਸਨ, ਜਿਨ੍ਹਾਂ ਦੇ 30 ਲੱਖ ਰੁਪਏ ਬਣੇ ਸਨ। ਖ਼ਜ਼ਾਨਾ ਮੰਤਰੀ ਨੇ ਆਪਣੇ ਹਿੱਸੇ ਦੀ ਰਾਸ਼ੀ ਦੇ ਦਿੱਤੀ ਸੀ ਅਤੇ ਬਾਕੀ 17 ਲੱਖ ਦੇ ਬਕਾਏ ਫਸੇ ਹੋਏ ਹਨ। ਦੂਸਰੀ ਤਰਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ ਵਿਚ ਰੈਲੀ ਕੀਤੀ ਜਾ ਰਹੀ ਹੈ, ਜਿਸ ਵਾਸਤੇ ਪੰਜ ਜ਼ਿਲ੍ਹਿਆਂ ਦੇ 25 ਅਸੈਂਬਲੀ ਹਲਕਿਆਂ ਨੂੰ 2300 ਬੱਸਾਂ ਦਿੱਤੀਆਂ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਇਹ ਰੈਲੀ ਵੱਕਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਪਟਿਆਲਾ ਰੈਲੀ ਇਤਿਹਾਸਿਕ ਹੋਵੇਗੀ, ਜਿਸ ਵਿਚ ਕਰੀਬ ਡੇਢ ਲੱਖ ਦਾ ਇਕੱਠ ਹੋਵੇਗਾ।

ਰੈਲੀ ਮੁਕਾਬਲੇ ’ਚ ਪੰਜਾਬ ਦਾ ਭਲਾ ਨਹੀਂ: ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਬੇਅਦਬੀ ਮਾਮਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਦੋਹੇ ਧਿਰਾਂ ਰੈਲੀ ਮੁਕਾਬਲੇ ਵਿਚ ਜੁੱਟੀਆਂ ਹਨ ਅਤੇ ਇਨ੍ਹਾਂ ਰੈਲੀਆਂ ਨਾਲ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਨਹੀਂ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਜੀਦਾ ਹਨ ਤਾਂ ਬੇਅਦਬੀ ਮਾਮਲੇ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਫ਼ੌਰੀ ਗ੍ਰਿਫ਼ਤਾਰ ਕਰਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵੀ ਰੈਲੀ ਕਰਕੇ ਬੇਅਦਬੀ ਮਾਮਲੇ ਤੋਂ ਲੋਕਾਂ ਦੀ ਨਜ਼ਰ ਹਟਾਉਣਾ ਚਾਹੁੰਦਾ ਹੈ।