ਮਜੀਠੀਆ ਨੇ ਨੌਕਰੀ ਮੇਲਾ ਘੁਟਾਲੇ ਵਿਚ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੀ ਜਾਂਚ ਦੀ ਮੰਗ ਕੀਤੀ

ਕਿਹਾ ਕਿ ਬਜਟ ਸੈਸ਼ਨ ਵਿਚ ਨੌਕਰੀ ਮੇਲਾ ਘੁਟਾਲੇ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇ

ਚੰਡੀਗੜ•/06 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਹੈ ਕਿ ਕਾਂਗਰਸ ਸਰਕਾਰ ਈਮਾਨਦਾਰੀ ਨਾਲ ਨੌਜਵਾਨਾਂ ਨੂੰ ਦੱਸੇ ਕਿ ਇਸ ਨੇ ‘ਘਰ ਘਰ ਨੌਕਰੀ’ ਦੇ ਨਾਂ ਉੱਤੇ ਉਹਨਾਂ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ ਹੈ ਜਦਕਿ ਇਸ ਦਾ ਉਹਨਾਂ ਨੂੰ ਇੱਕ ਵੀ ਸਰਕਾਰੀ ਨੌਕਰੀ ਦੇਣ ਦਾ ਕੋਈ ਇਰਾਦਾ ਨਹੀਂ ਸੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਨੌਕਰੀ ਮੇਲਾ ਘੁਟਾਲੇ ਦੀ ਇੱਕ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ, ਜਿਸ ਤਹਿਤ ਸਰਕਾਰੀ ਖਜ਼ਾਨੇ ਵਿਚੋਂ ਅਜਿਹੇ ਨੌਕਰੀ ਮੇਲਿਆਂ ਲਈ ਪੈਸਾ ਜਾਰੀ ਕੀਤਾ ਗਿਆ ਹੈ, ਜਿਹਨਾਂ ਮੇਲਿਆਂ ਵਿਚ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਤਾਜ਼ਾ ਹੋਏ ਖੁਲਾਸਿਆਂ ਅਨੁਸਾਰ ਕਾਂਗਰਸ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ•ੇ ਪਟਿਆਲਾ ਵਿਚ ਅਜਿਹੇ ਅਖੌਤੀ 6 ਨੌਕਰੀ ਮੇਲੇ ਲਾਉਣ ਉੱਤੇ 38 ਲੱਖ ਰੁਪਏ ਬਰਬਾਦ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਸੇ ਤਰ•ਾਂ ਰਾਜ ਭਰ ਅੰਦਰ ਅਜਿਹੇ ਮੇਲੇ ਲਗਾਉਣ ਉੱਪਰ ਕਰੋੜਾਂ ਰੁਪਏ ਰੋੜ•ੇ ਜਾ ਚੁੱਕੇ ਹਨ। ਇਹ ਇੱਕ ਕਰੋੜਾਂ ਰੁਪਏ ਦਾ ਘੁਟਾਲਾ ਹੈ, ਜਿਸ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ  ਨਾਂ ਉੱਪਰ ਕਰੋੜਾਂ ਰੁਪਏ ਦੀ ਚੋਰੀ ਕੀਤੀ ਜਾ ਚੁੱਕੀ ਹੈ।

ਆ ਰਹੇ ਬਜਟ ਸੈਸ਼ਨ ਦੌਰਾਨ ਇਸ ਮੁੱਦੇ ਉੱਤੇ ਇੱਕ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਰਕਾਰ ਨੂੰ ਇਸ ਵੱਲੋਂ ਆਯੋਜਿਤ ਕੀਤੇ ਇਹਨਾਂ ਜਾਅਲੀ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇ ਇਸ ਦਾ ਜੁਆਬ ਨਾਂਹ ਵਿਚ ਹੈ, ਜੋ ਕਿ ਅਸਲੀਅਤ ਹੈ ਤਾਂ ਕਾਂਗਰਸ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਨੇ ਨੌਕਰੀ ਮੇਲਿਆਂ ਦੇ ਨਾਂ ਉੱਤੇ ਆਮਦਨ ਕਰ ਦਾਤਾਵਾਂ ਦੇ ਪੈਸੇ ਦੀ ਹੇਰਾਫੇਰੀ ਕਿਉਂ ਕੀਤੀ ਹੈ?

ਸਰਕਾਰ ਵੱਲੋਂ ਵਿਭਿੰਨ ਵਿੱਦਿਅਕ ਸੰਸਥਾਵਾਂ ਅੰਦਰ ਪ੍ਰਾਈਵੇਟ ਕੰਪਨੀਆਂ ਦੁਆਰਾ ਸਾਲਾਨਾ ਭਰਤੀ ਤਹਿਤ ਨੌਜਵਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਦਾ ਸਿਹਰਾ ਆਪਣੇ ਸਿਰ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਹੁਣ ਨੌਜਵਾਨਾਂ ਨੇ ਇਹਨਾਂ ਮੇਲਿਆਂ ਵਿਚ ਜਾਣਾ ਹੀ ਛੱਡ ਦਿੱਤਾ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਭਰੋਸੇਯੋਗਤਾ ਨੂੰ ਬੁਰੀ ਤਰ•ਾਂ ਖੁਰ ਚੁੱਕੀ ਹੈ, ਕਿਉਂਕਿ ਇਹ ਨੌਜਵਾਨਾਂ ਨਾਲ ਕੀਤੇ ਹਰ ਵਾਅਦੇ ਤੋਂ ਮੁਕਰ ਚੁੱਕੀ ਹੈ। ਇਹੀ ਕਾਰਣ ਹੈ ਕਿ ਪ੍ਰਾਈਵੇਟ ਸੈਕਟਰ ਅੰਦਰ ਨੌਕਰੀਆਂ ਦਿਵਾਉਣ ਲਈ ਸਰਕਾਰ ਵੱਲੋਂ ਆਯੋਜਿਤ ਕੀਤੇ ਜਾਂਦੇ ਕਿਸੇ ਸਮਾਗਮ ਵਿਚ ਨੌਜਵਾਨ  ਭਾਗ ਨਹੀਂ ਲੈ ਰਹੇ ਹਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਲਾਪਰਵਾਹੀ ਸਦਕਾ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਾਣ ਦਾ ਰੁਝਾਣ ਤੇਜ਼ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਸੂਬੇ ਦੀ ਆਰਥਿਕਤਾ ਤਬਾਹ ਕਰ ਦਿੱਤੀ ਹੈ, ਜੋ ਕਿ ਸਰਕਾਰ ਵੱਲੋਂ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਰਾਹਤ ਨਾ ਦਿੱਤੇ ਜਾਣ ਕਰਕੇ ਅਤੇ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਕਰਕੇ ਪਹਿਲਾਂ ਖੇਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਅਕਾਲੀ ਆਗੂ ਨੇ ਕਿਹਾ ਕਿ  ਨੌਕਰੀਆਂ ਤੋ ਇਲਾਵਾ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦਾ ਵੀ ਵਾਅਦਾ ਕੀਤਾ ਸੀ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਇਹ ਸਾਰੇ ਵਾਅਦੇ ਵੀ ਇੱਕ ਛਲਾਵਾ ਸਾਬਿਤ ਹੋਏ ਹਨ। 

ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਵਾਸਤੇ ਮਜ਼ਬੂਰ ਕਰਨ ਲਈ ਇੱਕ ਰਾਜ ਪੱਧਰੀ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਹੈ। ਉਹਨਾਂ ਕਿਹਾ ਕਿ  ਸਾਰੇ ਵਾਅਦੇ ਪੂਰੇ ਹੋਣ ਤੀਕ  ਅਸੀਂ ਚੈਨ ਨਾਲ ਨਹੀਂ ਬੈਠਾਂਗੇ।