ਸ਼ਾਹਕੋਟ, ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਹੋ ਰਹੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਪੰਚਾਇਤ ਤੇ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਅੱਜ ਪਾਰਟੀ ਨੂੰ ਅਲਵਿਦਾ ਕਹਿਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਲਾਲੀ ਦਾ ਅਕਾਲੀ ਦਲ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਲਾਲੀ ਦੇ ਆਉਣ ਨਾਲ ਉਨ੍ਹਾਂ ਦੀ ਪਾਰਟੀ ਇਕੱਲੇ ਸ਼ਾਹਕੋਟ ਵਿੱਚ ਹੀ ਮਜ਼ਬੂਤ ਨਹੀ ਹੋਈ, ਬਲਕਿ ਪੂਰੇ ਦੋਆਬੇ ਵਿੱਚ ਹੀ ਮਜ਼ਬੂਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲਾਲੀ ਦਾ ਵੱਡਾ ਮਜ਼ਬੂਤ ਜਨਤਕ ਆਧਾਰ ਹੈ ਅਤੇ ਕਾਂਗਰਸੀ ਮੰਤਰੀ ਹੁੰਦਿਆਂ ਉਨ੍ਹਾਂ ਨੇ ਇਲਾਕੇ ਦਾ ਬਹੁਤ ਵਿਕਾਸ ਕਰਵਾਇਆ। ਜਿਸ ਕਰਕੇ ਉਹ ਵਿਕਾਸਵਾਦੀ ਆਗੂ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਲਾਲੀ ਦੇ ਪਾਰਟੀ ਵਿੱਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦੀ ਲੀਡ ਬਹੁਤ ਵੱਡੀ ਹੋ ਗਈ ਹੈ। ਉਨ੍ਹਾਂ ਲਾਲੀ ਨੂੰ ਪਾਰਟੀ ਵਿੱਚ ਬਣਦਾ ਮਾਣ ਤੇ ਸਤਿਕਾਰ ਦੇਣ ਦੇ ਨਾਲ-ਨਾਲ ਢੁਕਵਾਂ ਸਥਾਨ ਦੇਣ ਦੀ ਗੱਲ ਵੀ ਕਹੀ।
ਕਾਂਗਰਸ ਛੱਡਣ ਦਾ ਕਾਰਨ ਲਾਲੀ ਨੇ ਹਲਕੇ ਵਿੱਚ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬੇਲੋੜੀ ਦਖ਼ਲਅੰਦਾਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਕੇ ਹਲਕੇ ਵਿੱਚੋਂ ਰਾਣਾ ਦੀ ਬੇਲੋੜੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਬੇਨਤੀ ਕੀਤੀ ਸੀ, ਜੋ ਮੁੱਖ ਮੰਤਰੀ ਨੇ ਪ੍ਰਵਾਨ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਦਾਗੀ ਉਮੀਦਵਾਰ ਨੂੰ ਟਿਕਟ ਦਿੱਤੇ ਜਾਣ ਤੋਂ ਵੀ ਉਹ ਪਾਰਟੀ ਨਾਲ ਨਾਰਾਜ਼ ਸਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਵਰਕਰਾਂ ਨੂੰ ਨਾ ਮਿਲਣ ਕਾਰਨ ਵਰਕਰਾਂ ਦਾ ਮਨੋਬਲ ਲਗਾਤਾਰ ਡਿੱਗ ਰਿਹਾ ਹੈ। ਉਨ੍ਹਾਂ ਕਾਂਗਰਸੀ ਉਮੀਦਵਾਰ ਦੇ ਸਟਿੰਗ ਅਪਰੇਸ਼ਨ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਮਹਿੰਦਰ ਕੌਰ ਜੋਸ਼ ਅਤੇ ਲਾਲੀ ਦੇ ਸਮਰਥਕ ਵੀ ਮੌਜੂਦ ਸਨ।