ਬਠਿੰਡਾ, 7 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਠ-ਪੁਸਤਕ ਵਿਵਾਦ ਲਈ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਲੋਕ ਆਪਣੇ ਇਤਿਹਾਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਕਾਂਗਰਸ ਦੀ ਨੀਤੀ ਸਿੱਖ ਦੇ ਇਤਿਹਾਸ ਨੂੰ ਖਤਮ ਕਰਨ ਦੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਇਸ ਖ਼ਿਲਾਫ਼ ਲੜਾਈ ਲੜੇਗਾ, ਜਿਸ ਲਈ 11 ਮਈ ਨੂੰ ਮੀਟਿੰਗ ਸੱਦ ਲਈ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ 10 ਮਈ ਨੂੰ ਬਠਿੰਡਾ ਵਿੱਚ ਬਠਿੰਡਾ-ਜ਼ੀਰਕਪੁਰ ਅਤੇ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਨ ਆ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਰੈਲੀ ਨੂੰ ਵੀ ਸੰਬੋਧਨ ਕੀਤਾ ਜਾਵੇਗਾ ਤੇ ਨਵੇਂ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਸ੍ਰੀ ਬਾਦਲ ਅੱਜ ਰੈਲੀ ਦੀਆਂ ਤਿਆਰੀਆਂ ਸਬੰਧੀ ਹੀ ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨ ਪੁੱਜੇ ਸਨ। ਸੁਖਬੀਰ ਬਾਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਥਰਮਲ ਬੰਦ ਕਰਨ ਅਤੇ ਸ਼ੇਅਰੋ ਸ਼ਾਇਰੀ ਦੇ ਮਾਮਲੇ ਨੂੰ ਲੈ ਕੇ ਸ਼ਬਦੀ ਵਾਰ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰੀ ਥਰਮਲਾਂ ਦੀ ਬਿਜਲੀ ਮਹਿੰਗੀ ਪੈਣ ਦੇ ਬਹਾਨੇ ਥਰਮਲ ਬੰਦ ਕਰਕੇ ਕੈਪਟਨ ਸਰਕਾਰ ਨੇ ਮੰਨ ਲਿਆ ਹੈ ਕਿ ਉਨ੍ਹਾਂ ਦੀ ਸਰਕਾਰ ਵੇਲੇ ਕੀਤੇ ਬਿਜਲੀ ਖ਼ਰੀਦ ਸਮਝੌਤੇ ਸਹੀ ਸਨ, ਜਿਸ ਲਈ ਅਕਾਲੀ ਦਲ ਨੂੰ ਵਧਾਈ ਦੇਣੀ ਚਾਹੀਦੀ ਹੈ। ਜੇਲ੍ਹਾਂ ਦੀ ਸੁਰੱਖਿਆ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਜੇਲ੍ਹ ਮੰਤਰੀ ਨੂੰ ਖ਼ੁਦ ਨੂੰ ਜੇਲ ’ਚੋਂ ਕਿਸੇ ਕੈਦੀ ਨੇ ਫੋਨ ਕਰ ਕੇ ਵਧਾਈ ਦਿੱਤੀ, ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਬਾਕੀ ਪ੍ਰਬੰਧ ਤਾਂ ਬਾਅਦ ਦੀ ਗੱਲ ਹੈ। ਆਗਾਮੀ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਹਲਕੇ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਵੀਨੂੰ ਬਾਦਲ ਵੱਲੋਂ ਚੋਣ ਲੜਨ ਦੀ ਚਰਚਾ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਕੋਈ ਮਰਜ਼ੀ ਆ ਜਾਵੇ, ਉਹ ਤਿਆਰ ਹਨ। ਇਸ ਮੌਕੇ ਸਰੂਪ ਚੰਦ ਸਿੰਗਲਾ ਤੇ ਮੇਅਰ ਬਲਵੰਤ ਰਾਏ ਨਾਥ ਵੀ ਹਾਜ਼ਰ ਸਨ।
‘ਹਟਾਏ ਗਏ ਅਧਿਆਇ ਮੁੜ ਸਿਲੇਬਸ ਦਾ ਹਿੱਸਾ ਬਣਾਏ ਜਾਣ’
ਚੰਡੀਗੜ੍ਹ ; ਸੁਖਬੀਰ ਸਿੰਘ ਬਾਦਲ ਨੇ ਅੱਜ ਮੁੜ ਆਖਿਆ ਕਿ ਉਨ੍ਹਾਂ ਦੀ ਪਾਰਟੀ ਅਤੇ ਗੱਠਜੋੜ ਸਹਿਯੋਗੀ ਚਾਹੁੰਦੇ ਹਨ ਕਿ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਸਿੱਖ ਇਤਿਹਾਸ ਦੀ ਪੜ੍ਹਾਈ ਦਾ ਜੋ ਨੁਕਸਾਨ ਕੀਤਾ ਗਿਆ ਹੈ, ਸਰਕਾਰ ਉਸ ਦੀ ਭਰਪਾਈ ਕਰੇ ਤੇ ਇਸ ਕਲਾਸ ਦੇ ਸਿਲੇਬਸ ਵਿੱਚੋਂ ਹਟਾਏ 23 ਚੈਪਟਰਾਂ ਨੂੰ ਮੁੜ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਜ਼ਾ ਬਿਆਨ, ਜਿਸ ਵਿੱਚ ਉਨ੍ਹਾਂ ਨੇ ਇਸ ਸਾਰੇ ਮੁੱਦੇ ’ਤੇ ਨਜ਼ਰਸਾਨੀ ਕੀਤੇ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ, ਬਾਰੇ ਟਿੱਪਣੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਬਿਆਨ ਉਨ੍ਹਾਂ ਦੇ ਪੁਰਾਣੇ ਬਿਆਨ ਤੋਂ ਬਿਲਕੁਲ ਹੀ ਉਲਟ ਹੈ।