ਚੰਡੀਗੜ੍ਹ, 12 ਅਕਤੂਬਰ
ਆਮ ਆਦਮੀ ਪਾਰਟੀ (‘ਆਪ’) ਨੇ ਗੁਰਦਾਸਪੁਰ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਪੰਜਾਬ ਦੀ ਸੱਤਾਧਾਰੀ ਕਾਂਗਰਸ ਉੱਪਰ ਗੁੰਡਾਗਰਦੀ ਦੇ ਦੋਸ਼ ਲਗਾਏ ਹਨ। ‘ਆਪ’ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਇਸ ਚੋਣ ਵਿੱਚ ਆਮ ਨਾਗਰਿਕਾਂ ਦੇ ਮਨ ’ਚ ਨਾ ਕੇਵਲ ਡਰ ਅਤੇ ਭੈਅ ਦਾ ਮਾਹੌਲ ਬਣਾ ਦਿੱਤਾ ਸੀ ਬਲਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਦਾ ਜੋ ਕਿਰਦਾਰ ਪੰਜਾਬ ਦੀ ਜਨਤਾ ਸਾਹਮਣੇ ਨੰਗਾ ਹੋਇਆ, ਉਸ ਨੇ ਸੁਹਿਰਦ ਅਤੇ ਸੰਵੇਦਨਸ਼ੀਲ ਵੋਟਰਾਂ ਦਾ ਵਿਸ਼ਵਾਸ ਵੀ ਤੋੜਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਹਾਂ ਪਾਰਟੀਆਂ ਨੇ ਗੁਰਦਾਸਪੁਰ ਉਪ ਚੋਣ ਵਿਕਾਸ ਦੇ ਮੁੱਦੇ ’ਤੇ ਲੜਨ ਦੀ ਥਾਂ ਦੂਸ਼ਣਬਾਜ਼ੀ ਦੇ ਆਧਾਰ ’ਤੇ ਲੜੀ ਹੈ। ਉਨ੍ਹਾਂ ਘੱਟ ਮਤਦਾਨ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਵੱਲੋਂ ਲੰਮੇ ਸਮੇਂ ਤੋਂ ਲੋਕਤੰਤਰ ਦਾ ਘਾਣ ਕੀਤੇ ਜਾਣ ਨੂੰ ਜ਼ਿੰਮੇਵਾਰ ਠਹਿਰਾਇਆ।