ਚੰਡੀਗੜ੍ਹ, ਪੰਜਾਬ ਵਿੱਚ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਹਾਸ਼ੀਏ ’ਤੇ ਧੱਕ ਕੇ ਪ੍ਰਮੁੱਖ ਸਿਆਸੀ ਪਾਰਟੀਆਂ ‘ਰੈਲੀਆਂ ਦੀ ਸਿਆਸਤ ਦੇ ਰਾਹ ਪੈ ਗਈਆਂ ਹਨ। 7 ਅਕਤੂਬਰ 2018 ਵਾਲੇ ਦਿਨ ਹੋਣ ਵਾਲੀ ਸਿਆਸਤ ਦੀ ਇਸ ਨੂਰਾ ਕੁਸ਼ਤੀ ਲਈ ਸਿਰਤੋੜ ਤਿਆਰੀਆਂ ਹੋ ਰਹੀਆਂ ਹਨ। ਕਾਂਗਰਸ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਾਦਲਾਂ ਦੇ ਗੜ੍ਹ ਕਿੱਲਿਆਂਵਾਲੀ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਦੇ ਸ਼ਹਿਰ ਪਟਿਆਲੇ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਆਪ ਦੇ ਬਾਗ਼ੀ ਗਰੁੱਪ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉੱਤੇ ਕੋਟਕਪੂਰੇ ਤੋਂ ਬਰਗਾੜੀ ਤੱਕ ਰੋਸ ਮਾਰਚ ਕਰਨ ਦਾ ਐਲਾਨ ਕਰ ਚੁੱਕੇ ਹਨ।
ਪੰਜਾਬ ਦੇ ਲੋਕਾਂ ਵਿੱਚ ਇਹ ਪ੍ਰਭਾਵ ਬਣਦਾ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਇਕ ਦੂਜੇ ਨੂੰ ਪਾਸ ਦੇ ਕੇ ਖੇਡ ਰਹੇ ਹਨ। ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਾਟੋਧਾੜ ਹੋਣ ਕਰ ਕੇ ਆਪਣਾ ਅਸਰ ਗੁਆਉਂਦੀ ਜਾ ਰਹੀ ਹੈ ਤੇ ਅੱਕੀਂ ਪਲਾਹੀਂ ਹੱਥ ਮਾਰਦੀ ਨਜ਼ਰ ਆ ਰਹੀ ਹੈ। ਅਮਰਿੰਦਰ ਸਿੰਘ ਬਿਆਨ ਦਾਗ ਰਹੇ ਹਨ ਕਿ ਬੇਅਦਬੀ ਦੇ ਮਾਮਲੇ ਤੋਂ ਧਿਆਨ ਹਟਾਉਣ ਲਈ ਅਕਾਲੀ ਦਲ ਰੈਲੀਆਂ ਕਰ ਰਿਹਾ ਹੈ। ਇਸ ਬਿਆਨ ਵਿੱਚ ਸਚਾਈ ਹੋ ਸਕਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਿਆਸੀ ਧਾਰ ਕੇਵਲ ਬੇਅਦਬੀ ਮਾਮਲੇ ਤੱਕ ਸੀਮਤ ਕਿਉਂ ਰੱਖਣਾ ਚਾਹ ਰਹੇ ਹਨ ਅਤੇ ਬੇਅਦਬੀ ਦੇ ਦੋਸ਼ੀ ਲੱਭ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ? ਪੰਜਾਬ ਦੇ ਕਿਸਾਨਾਂ ਨਾਲ ਸਮੁੱਚਾ ਕਰਜ਼ਾ ਮੁਆਫ਼ ਕਰਨ, ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ, ਚਾਰ ਹਫ਼ਤਿਆਂ ਅੰਦਰ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਨਾਪਾਕ ਗੱਠਜੋੜ ਨੂੰ ਤੋੜਣ ਅਤੇ ਰੇਤ, ਟਰਾਂਸਪੋਰਟ, ਕੇਬਲ ਮਾਫ਼ੀਆ ਨੂੰ ਖ਼ਤਮ ਕਰਨ ਵਰਗੇ ਵਾਅਦਿਆਂ ਉੱਤੇ ਧਿਆਨ ਕੇਂਦਰਿਤ ਕਿਉਂ ਨਹੀਂ ਹੋ ਰਿਹਾ? ਕੈਪਟਨ ਨੂੰ ਪਹਿਲੇ ਸਾਲ ਵਾਅਦੇ ਪੂਰੇ ਕਰਨ ਦੇ ਬਣੇ ਦਬਾਅ ਤੋਂ ਰਾਹਤ ਮਿਲੀ ਮਹਿਸੂਸ ਹੋ ਰਹੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਤੇ ਵਿਧਾਨ ਸਭਾ ਵਿੱਚ ਹੋਈ ਚਰਚਾ ਤੋਂ ਬਾਅਦ ਕਾਂਗਰਸੀ ਆਗੂ ਪੰਥਕ ਰੰਗ ਵਿੱਚ ਜ਼ਿਆਦਾ ਨਜ਼ਰ ਆਏ ਅਤੇ ਕੈਪਟਨ ਉੱਤੇ ਬਾਦਲਾਂ ਸਮੇਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦਾ ਦਬਾਅ ਬਣਾਉਂਦੇ ਰਹੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁਲੀਸ ਗੋਲੀ ਦੀਆਂ ਘਟਨਾਵਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੁਭਾਅ ਮੁਤਾਬਕ ਗਲਤੀ ਮੰਨਣ ਦੀ ਬਜਾਇ ਸ਼ਕਤੀ ਪ੍ਰਦਰਸ਼ਨ ਦਾ ਰਾਹ ਚੁਣਿਆ ਹੈ। ਇਸ ਕੰਮ ਵਿੱਚ ਸਿਆਸੀ ਹਵਾ ਨੂੰ ਆਪਣੇ ਅਨੁਸਾਰ ਮੋੜ ਦੇਣ ਦੀ ਪੀਐਚਡੀ ਕਰਨ ਦਾ ਦਾਅਵਾ ਕਰਨ ਵਾਲੇ ਪੰਜ ਵਾਰ ਮੁੱਖ ਮੰਤਰੀ ਰਹੇ 93 ਸਾਲਾ ਪ੍ਰਕਾਸ਼ ਸਿੰਘ ਬਾਦਲ ਗੱਜ-ਵੱਜ ਕੇ ਮੈਦਾਨ ਵਿੱਚ ਆ ਗਏ ਹਨ। ਅਕਾਲੀ ਦਲ ਨੇ ਪਹਿਲੀ ਰੈਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਸ਼ਹਿਰ ਅਬੋਹਰ ਵਿੱਚ ਕੀਤੀ। ਇਸ ਤੋਂ ਪਿੱਛੋਂ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਮੋਰਚਾ ਲਗਾਈਂ ਬੈਠੇ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਮੁਕਾਬਲੇ ਫ਼ਰੀਦਕੋਟ ਰੈਲੀ ਕਰਨ ਦਾ ਐਲਾਨ ਕਰ ਦਿੱਤਾ। ਕੈਪਟਨ ਸਰਕਾਰ ਅਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਲੀ ਉੱਤੇ ਰੋਕ ਲਗਾ ਕੇ ਅਕਾਲੀ ਦਲ ਨੂੰ ਮੁੜ ਸਿਆਸੀ ਦ੍ਰਿਸ਼ ਉੱਤੇ ਕਾਮਯਾਬ ਕਰਨ ਦਾ ਰਾਹ ਖੋਲ੍ਹ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਦੇ ਤੌਰ ਤਰੀਕਿਆਂ ਤੋਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਅਸਹਿਮਤੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀ ਰਹੀ ਹੈ। ਇਨ੍ਹਾਂ ਰੈਲੀਆਂ ਵਿਚ ਬਾਦਲ ਪਰਿਵਾਰ ਉੱਤੇ ਲਗਦੇ ਪੰਥਕ ਸੰਸਥਾਵਾਂ ਉੱਤੇ ਕਬਜ਼ੇ ਅਤੇ ਤਤਕਾਲੀ ਸਰਕਾਰ ਮੌਕੇ ਪੁਲੀਸ ਕਾਰਵਾਈ ਕਰਨ ਵਰਗੇ ਸੁਆਲਾਂ ਦੇ ਜਵਾਬ ਦੇਣ ਦੇ ਬਜਾਇ ਵੱਡੇ ਇਕੱਠ ਤੇ ਮੋਤੀ ਮਹਿਲ ਦੀਆਂ ਚੂਲਾਂ ਹਿਲਾ ਦੇਣ ਦੇ ਦਮਗਜ਼ੇ ਪੰਜਾਬ ਦਾ ਕਿੰਨਾ ਕੁ ਭਲਾ ਕਰਨਗੇ। ਇੱਕ ਵੱਖਰੀ ਧਿਰ ਵਜੋਂ ਉੱਭਰੀ ਅਤੇ ਫਿਰ ਪਾਟੋਧਾੜ ਹੋਈ ਆਮ ਆਦਮੀ ਪਾਰਟੀ ਲੋਕਾਂ ਦੇ ਮੁੱਦੇ ਉਭਾਰਨ ਵਿੱਚ ਨਾਕਾਮ ਰਹੀ ਹੈ। ਆਪ ਦੇ ਬਾਗ਼ੀ ਗਰੁੱਪ ਦੇ ਆਗੂ ਵਜੋਂ ਵਿਚਰ ਰਹੇ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਨੇ ਬੇਅਦਬੀ ਦੇ ਮੁੱਦੇ ਉੱਤੇ ਸਰਬ ਪਾਰਟੀ ਮੀਟਿੰਗ ਬੁਲਾਈ ਜੋ ਪਾਰਟੀਆਂ ਨੇ ਨਜ਼ਰਅੰਦਾਜ਼ ਕਰ ਦਿੱਤੀ। ਫਿਰ ਵੀ ਖਹਿਰਾ 7 ਅਕਤੂਬਰ ਨੂੰ ਰੋਸ ਮਾਰਚ ਕਰਨ ਜਾ ਰਹੇ ਹਨ। ਆਪ ਦਾ ਅਧਿਕਾਰਤ ਧੜਾ ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਧਰਮਵੀਰ ਗਾਂਧੀ ਵਰਗੇ ਆਗੂਆਂ ਕੋਲ ਜਾ ਕੇ ਮੁੜ ਕੁਨਬਾ ਇਕੱਠਾ ਕਰਨ ਦੀ ਚਿੰਤਾ ਵਿੱਚ ਹੈ। ਪੰਜਾਬ ਦੀ ਨਬਜ਼ ਪਛਾਨਣ ਵਾਲੇ ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਅਸਲੀ ਸੰਕਟ ਨੂੰ ਨਜ਼ਰ ਅੰਦਾਜ਼ ਕਰ ਕੇ ਸਿਆਸੀ ਖੇਡ ਮਹਿੰਗੀ ਪੈ ਸਕਦੀ ਹੈ।