ਚਵਿੰਡਾ ਦੇਵੀ, ਕੱਥੂਨੰਗਲ 28 ਸਤੰਬਰ :  ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਹੁਕਮਰਾਨ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਵਿਕਾਸ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਸਦੀਆਂ ਪੁਰਾਣੀਆਂ ਕਬਰਸਤਾਨਾਂ ‘ਤੇ ਨਜਾਇਜ਼ ਕਬਜ਼ੇ ਕਰਨ ‘ਚ ਲੱਗੀ ਹੋਈ ਹੈ। ਉਹਨਾਂ ਮਨੁੱਖ ਦੀਆਂ ਅੰਤਿਮ ਰਸਮਾਂ ਨਿਭਾਉਣ ਵਰਗੀਆਂ ਸਮੂਹਿਕ ਸਮਾਜਿਕ ਜ਼ਿੰਮੇਵਾਰੀਆਂ ਦੇ ਕਾਰਜ ਵਿੱਚ ਕਿਸੇ ਵੱਲੋਂ ਵੀ ਰੁਕਾਵਟ ਨਾ ਪਾਉਣ ਦੇਣ ਨੂੰ ਯਕੀਨੀ ਬਣਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ। 
ਸ: ਮਜੀਠੀਆ ਅੱਜ ਕਸਬਾ ਚਵਿੰਡਾ ਦੇਵੀ ਵਿਖੇ ਗਰੀਬ ਦਲਿਤ ਅਤੇ ਇਸਾਈ ਭਾਈਚਾਰੇ ਵੱਲੋਂ ਉਹਨਾਂ ਦੀ ਸਦੀ ਪੁਰਾਣੀ ਕਬਰਸਤਾਨ ‘ਤੇ ਮਜੀਠਾ ਦੇ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਦੇ ਨਜਦੀਕੀ  ਕਾਂਗਰਸੀ ਆਗੂ ਮੁਖਤਿਆਰ ਸਿੰਘ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਵਿਰੁੱਧ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰ ਰਹੇ ਸਨ, ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਗਰੀਬਾਂ ਅਤੇ ਦਲਿਤ ਵਰਗ ਦੇ ਕਿਸੇ ਵਿਅਕਤੀ ਦਾ ਨੁਕਸਾਨ ਜਾਂ ਕਿਸੇ ਤਰਾਂ ਦਾ ਧਕਾ ਹੋਇਆ ਤਾਂ  ਲਾਲੀ ਮਜੀਠਾ ਅਤੇ ਮੁਖਤਿਆਰ ਸਿੰਘ ਜ਼ਿੰਮੇਵਾਰ ਹੋਵੇਗਾ।ਉਹਨਾਂ ਕਾਂਗਰਸ ਨੂੰ ਕਬਰਸਤਾਨਾਂ ਨੂੰ ਲੈ ਕੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਦੇ ਪ੍ਰਗਟਾਵੇ ਦਾ ਸਭ ਨੂੰ ਅਧਿਕਾਰ ਹੈ ਅਤੇ ਧੱਕੇ ਨਾਲ ਕਿਸੇ ਦੀ ਆਵਾਜ਼ ਬੰਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਬਰਸਤਾਨ ‘ਤੇ ਕਬਜ਼ੇ ਨੂੰ ਲੈ ਕੇ ਉਹ ਕਾਨੂੰਨੀ ਚਾਰਾਜੋਈ ਕਰਨਗੇ।  ਉਹਨਾਂ ਦੱਸਿਆ ਕਿ ਬਾਦਲ ਸਰਕਾਰ ਸਮੇਂ ਕਬਰਸਤਾਨਾਂ ਨੂੰ ਖੁੱਲ੍ਹੀਆਂ ਗਰਾਂਟਾਂ ਦਿੱਤਿਆਂ ਗਈਆਂ ਅਤੇ ਪੇਡੂ ਖੇਤਰਾਂ ਦਾ ਵਿਕਾਸ ਕਰਾਇਆ ਗਿਆ ਪਰ ਅੱਜ ਵਿਕਾਸ ਅਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਸਦੀਆਂ ਪੁਰਾਣੇ ਕਬਰਸਤਾਨਾਂ ‘ਤੇ ਨਜਾਇਜ਼ ਕਬਜ਼ੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪੱਖੋਂ ਫੇਲ੍ਹ ਸਾਬਤ ਹੋ ਰਹੀ ਹੈ। ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ। ਪੈਨਸ਼ਨ, ਸ਼ਗਨ ਸਕੀਮ, ਬੰਦ ਹਨ, ਲੋਕਾਂ ਨੂੰ ਰੁਜ਼ਗਾਰ ਦੇ ਨਾਮ ‘ਤੇ ਗੁਮਰਾਹ ਕੀਤਾ ਜਾ ਰਿਹਾ ਹੈ। ਕਿਸਾਨ ਕਰਜ਼ੇ ਦੇ ਬੋਝ ਠਲੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉੱਤੋਂ ਬਿਜਲੀ ਕੁਨੈਕਸ਼ਨਾਂ ‘ਤੇ ਬਿਲ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।