ਨਵੀਂ ਦਿੱਲੀ, ਭਾਰਤੀ ਕ੍ਰਿਕਟਰਾਂ ਨੇ ਕਸ਼ਮੀਰ ਨਾਲ ਜੁੜੀ ਵਿਵਾਦਤ ਟਿੱਪਣੀ ਦੇ ਮਾਮਲੇ ਵਿੱਚ ਸ਼ਾਹਿਦ ਅਫ਼ਰੀਦੀ ਨੂੰ ਘੇਰ ਲਿਆ। ਭਾਰਤੀ ਕ੍ਰਿਕਟਰ ਸੁਰੇਸ਼ ਰੈਣਾ ਅਤੇ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਕਿ ਸਾਬਕਾ ਪਾਕਿਸਤਾਨੀ ਬੱਲੇਬਾਜ਼ ਨੂੰ ਪਾਕਿ ਫ਼ੌਜ ਨੂੰ ਵਾਦੀ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਅਤਿਵਾਦੀਆਂ ਦੀ ਮਦਦ ਬੰਦ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਫਰੀਦੀ ਨੇ ਕਸ਼ਮੀਰ ਘਾਟੀ ਦੀ ਹਾਲਤ ’ਤੇ ਚਿੰਤਾ ਪ੍ਰਗਟ ਕੀਤੀ ਸੀ।
ਕ੍ਰਿਕਟਰ ਗੌਤਮ ਗੰਭੀਰ ਨੇ ਵੀ ਅਫਰੀਦੀ ਦਾ ਮਜ਼ਾਕ ਉਡਾਇਆ। ਅੱਜ ਰੈਣਾ ਨੇ ਟਵਿੱਟਰ ’ਤੇ ਕਿਹਾ, ‘‘ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਹਮੇਸ਼ਾ ਰਹੇਗਾ। ਕਸ਼ਮੀਰ ਉਹ ਪਵਿੱਤਰ ਧਰਤੀ ਹੈ, ਜਿੱਥੇ ਮੇਰੇ ਪੂਰਵਜਾਂ ਦਾ ਜਨਮ ਹੋਇਆ ਹੈ। ਮੈਨੂੰ ਉਮੀਦ ਹੈ ਕਿ ਸ਼ਾਹਿਦ ਅਫਰੀਦੀ ਪਾਕਿਸਤਾਨੀ ਫ਼ੌਜ ਨੂੰ ਸਾਡੇ ਕਸ਼ਮੀਰ ਵਿੱਚ ਅਤਿਵਾਦ ਅਤੇ ਲੁਕਵਾਂ ਯੁੱਧ ਰੋਕਣ ਨੂੰ ਕਹਿਣਗੇ।’’ ਜਾਵੇਦ ਅਖਤਰ ਨੇ ਵੀ ਅਜਿਹਾ ਜਵਾਬ ਦਿੱਤਾ। ਸਾਬਕਾ ਭਾਰਤੀ ਖਿਡਾਰੀ ਮੁਹੰਮਦ ਕੈਫ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਕ੍ਰਿਕਟਰ ਹੁਣ ਵੀ ਆਈਪੀਐਲ ਵਿੱਚ ਖੇਡ ਰਿਹਾ ਹੁੰਦਾ ਤਾਂ ਅਫਰੀਦੀ ਨੇ ਟਿੱਪਣੀ ਨਹੀਂ ਕਰਨੀ ਸੀ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਦੇਸ਼ ਦੇ ਹਿੱਤ ਸਭ ਤੋਂ ਉਪਰ ਹਨ। ਸਾਬਕਾ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਅਫਰੀਦੀ ਦੀ ਟਿੱਪਣੀ ’ਤੇ ਪ੍ਰਤੀਕਿਰਿਆ ਨਹੀਂ ਦੇਣੀ ਚਾਹੀਦੀ।