ਬਠਿੰਡਾ, ਨਰਮਾ ਪੱਟੀ ਵਿੱਚ ਕਰਜ਼ਾ ਮੁਆਫ਼ੀ ਦੁੱਖਾਂ ਦੀ ਦਾਰੂ ਨਹੀਂ ਬਣ ਸਕੀ। ਕਿਸਾਨੀ ਸੰਕਟ ਅੱਗੇ ਕਰਜ਼ਾ ਮੁਆਫ਼ੀ ਬੌਣੀ ਜਾਪਦੀ ਹੈ। ਬਹੁਤੇ ਕਿਸਾਨਾਂ ਨੂੰ ਧਰਵਾਸ ਵੀ ਬੱਝਾ ਹੈ ਕਿ ਚਲੋ ਸ਼ੁਰੂਆਤ ਤਾਂ ਹੋਈ। ਛੋਟੀ ਮੁਆਫ਼ੀ ਵਾਲੇ ਕਿਸਾਨ ਕਦੇ ਮੁਆਫ਼ ਹੋਈ ‘ਰਾਸ਼ੀ’ ਵੱਲ ਵੇਖਦੇ ਹਨ ਤੇ ਕਦੇ ਸਿਰ ਚੜ੍ਹੇ ਕਰਜ਼ੇ ਵੱਲ। ਕੈਪਟਨ ਹਕੂਮਤ ਨੇ ਮਾਨਸਾ ’ਚ ਸਰਕਾਰੀ ਸਮਾਗਮ ਕਰ ਕੇ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ। ਮੋਟੇ ਤੌਰ ’ਤੇ ਵੇਖੀਏ ਤਾਂ ਕਰਜ਼ਾ ਮੁਆਫ਼ੀ ਮਗਰੋਂ ਵੀ ਨਰਮਾ ਪੱਟੀ ’ਚ ਖ਼ੁਦਕੁਸ਼ੀਆਂ ਦਾ ਵਰਤਾਰਾ ਘਟਿਆ ਨਹੀਂ ਹੈ। ਮੁਢਲੇ ਪੜਾਅ ’ਤੇ ਢਾਈ ਏਕੜ ਵਾਲੇ ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ ਤੇ ਮੋਗਾ ਵਿਚਲੇ ਕਿਸਾਨਾਂ ਦੇ 170 ਕਰੋੜ ਰੁਪਏ ਮੁਆਫ਼ ਕੀਤੇ ਗਏ ਹਨ।
ਬਠਿੰਡਾ ਦੇ ਪਿੰਡ ਰਾਏਕੇ ਕਲਾਂ ਦੇ ਕਿਸਾਨ ਗੁਰਚਰਨ ਸਿੰਘ ਦਾ 852 ਰੁਪਏ ਤੇ ਪਿੰਡ ਜੀਦਾ ਦੇ ਬੁੱਗਰ ਸਿੰਘ ਦਾ 576 ਰੁਪਏ ਦਾ ਕਰਜ਼ਾ ਮੁਆਫ਼ ਹੋਇਆ। ਕਿਸਾਨ ਆਖਦੇ ਹਨ ਕਿ ਵੋਟਾਂ ਵੇਲੇ ਕੈਪਟਨ ਨੇ ਵਾਅਦਿਆਂ ਦੇ ਤਾਂ ਖੁੱਲ੍ਹੇ ਗੱਫ਼ੇ ਵਰਤਾਏ, ਪਰ ਹੁਣ ਹਕੀਕਤ ’ਚ ਲਿਆਉਣ ਮੌਕੇ ਹੱਥ ਘੁੱਟ ਲਿਆ। ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੇ ਨਿਰਮਲ ਸਿੰਘ ਦਾ ਭਰੋਸਾ ਹਾਲੇ ਟੁੱਟਿਆ ਨਹੀਂ। ਭਾਵੇਂ ਉਸ ਦਾ ਨਾਮ ਮੁਆਫ਼ੀ ਵਾਲੀ ਸੂਚੀ ’ਚ ਨਹੀਂ ਆਇਆ, ਫਿਰ ਵੀ ਉਸ ਨੂੰ ਉਮੀਦ ਹੈ ਕਿ ਦੂਸਰੀ ਸੂਚੀ ’ਚ ਉਸ ਦਾ ਨਾਂ ਜ਼ਰੂਰ ਆਵੇਗਾ। ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਸਿਰਫ਼ ਤਿੰਨ ਕਿਸਾਨਾਂ ਨੂੰ ‘ਕਰਜ਼ਾ ਮੁਆਫ਼ੀ’ ਦਾ ਲਾਭ ਮਿਲਿਆ ਜਦਕਿ ਸਹਿਕਾਰੀ ਸਭਾ ਬਾਦਲ ਵੱਲੋਂ 62 ਕਿਸਾਨਾਂ ਦੀ ਸੂਚੀ ਭੇਜੀ ਗਈ ਸੀ। ਮਾਨਸਾ ਦੇ ਪਿੰਡ ਆਂਡਿਆਂਵਾਲੀ ਵਿੱਚ ਉਲਟੀ ਗੰਗਾ ਵਗੀ ਹੈ, ਉੱਥੇ ਕਰਜ਼ਾ ਘੱਟ ਸੀ ਤੇ ਕਿਸਾਨਾਂ ਦੀ ਮੁਆਫ਼ੀ ਜ਼ਿਆਦਾ ਆਈ ਹੈ।
ਬਠਿੰਡਾ ਦੇ ਪਿੰਡ ਲਾਲੇਆਣਾ ਦਾ ਕਿਸਾਨ ਮੇਘਾ ਸਿੰਘ ਕਰਜ਼ਾ ਮੁਆਫ਼ੀ ਤੋਂ ਬਾਗੋ ਬਾਗ਼ ਹੈ। ਉਹ ਦੱਸਦਾ ਹੈ ਕਿ ਉਸ ਸਿਰ ਸਿਰਫ਼ 40 ਹਜ਼ਾਰ ਦਾ ਕਰਜ਼ਾ ਸੀ ਜੋ ਹੁਣ ਮੁਆਫ਼ੀ ਵਾਲੀ ਸੂਚੀ ਵਿੱਚ ਆ ਗਿਆ ਹੈ। ਮਾਨਸਾ ਦੇ ਪਿੰਡ ਭੈਣੀ ਬਾਘਾ ਦੇ ਤਿੰਨ ਕਿਸਾਨ ਭਰਾਵਾਂ ’ਚੋਂ ਸਿਕੰਦਰ ਸਿੰਘ ਦਾ ਨਾਂ ਕਰਜ਼ਾ ਸੂਚੀ ’ਚੋਂ ਗਾਇਬ ਹੈ। ਉਹ ਨਿਰਾਸ਼ਾ ’ਚ ਆਖਦਾ ਹੈ ਕਿ ‘ਇੱਕ ਵਾਰੀ ਤਾਂ ਝਟਕਾ ਲੱਗ ਗਿਆ ਹੈ, ਹੁਣ ਜਦੋਂ ਮਾਫ਼ ਹੋਊ, ਉਦੋਂ ਹੀ ਮਨ ਖੜੂ।’ ਫ਼ਰੀਦਕੋਟ ਦੇ ਪਿੰਡ ਵਾੜਾ ਭਾਈਕਾ ਦਾ ਮਲਕੀਤ ਸਿੰਘ ਇਸ ਗੱਲੋਂ ਖ਼ੁਸ਼ ਹੈ ਕਿ ਉਸ ਦਾ ਸਹਿਕਾਰੀ ਸਭਾ ਦਾ ਪੂਰਾ ਕਰਜ਼ਾ ਮੁਆਫ਼ ਹੋ ਗਿਆ। ਉਸ ਦਾ ਪ੍ਰਤੀਕਰਮ ਸੀ ਕਿ ਛੋਟੀ ਕਿਸਾਨੀ ਦੀ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਲਈ ਸਰਕਾਰ ਠੋਸ ਨੀਤੀ ਘੜੇ ਤੇ ਸਥਾਈ ਤੌਰ ’ਤੇ ਬਦਲਵੇਂ ਪ੍ਰਬੰਧ ਕਰੇ। ਇੱਥੋਂ ਦੇ ਹੀ ਕਿਸਾਨ ਕੁਲਵੰਤ ਸਿੰਘ ਨੇ ਮੁਆਫ਼ੀ ਮਿਲਣ ’ਤੇ ਕਿਹਾ ਕਿ ਕੈਪਟਨ ਹਕੂਮਤ ਸਮੁੱਚਾ ਕਰਜ਼ਾ ਮੁਆਫ਼ ਕਰਨ ਤੋਂ ਮੁੱਕਰੀ ਹੈ।

ਕਰਜ਼ਾ ਮੁਆਫ਼ੀ ਖ਼ੁਦਕੁਸ਼ੀਆਂ ਦਾ ਸਥਾਈ ਹੱਲ ਨਹੀਂ: ਮਨਪ੍ਰੀਤ
ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਖ਼ੁਦਕੁਸ਼ੀ ਦਾ ਹੱਲ ਨਹੀਂ ਤੇ ਨਾ ਹੀ ਇਹ ਸਥਾਈ ਹੱਲ ਹੈ। ਇਸ ਦੇ ਬਹੁ-ਪਰਤੀ ਹੱਲ ਲੱਭਣੇ ਪੈਣਗੇ। ਉਨ੍ਹਾਂ ਕਿਹਾ ਕਿ ਮਰਜ਼ ਦੀ ਦਵਾਈ ਹੈ, ਪਰ ਸਮਾਂ ਲੱਗਦਾ ਹੈ। ਕਰਜ਼ਾ ਮੁਆਫ਼ੀ ਦੀ ਰਸਮੀ ਸ਼ੁਰੂਆਤ ਹੋਈ ਹੈ ਤੇ ਤਿੰਨ ਮਹੀਨਿਆਂ ਵਿੱਚ ਪ੍ਰਕਿਰਿਆ ਮੁਕੰਮਲ ਹੋਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਨਾਮ ਰਹਿ ਗਏ ਹਨ, ਉਹ ਅੱਗੇ ਅਪੀਲ ਕਰ ਸਕਣਗੇ ਤੇ ਕਿਸੇ ਵੀ ਯੋਗ ਕੇਸ ਨੂੰ ਛੱਡਿਆ ਨਹੀਂ ਜਾਵੇਗਾ।