ਧਨੌਲਾ, 28 ਮਈ,ਪਿੰਡ ਹਰੀਗੜ੍ਹ ਵਿੱਚ ਕਰਜ਼ੇ ਕਾਰਨ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਇਕ ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਬਿੱਕਰ ਸਿੰਘ (28 ਸਾਲ) ਸਿਰ 6 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਕਾਰਨ ਉਸ ਦਾ ਪੁੱਤ ਜਗਜੀਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।
ਜਗਜੀਤ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪਿੰਡ ਦੇ ਲੋਕਾਂ ਦਾ ਦੱਸਣਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਮਾੜੀ ਸੀ ਤੇ ਨੌਜਵਾਨ ਮੁੰਡੇ ਦੇ ਤੁਰ ਜਾਣ ਕਾਰਨ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਬਦਰਾ, ਜਰਨੈਲ ਸਿੰਘ ਜਵੰਧਾ ਪਿੰਡੀ ਨੇ ਸਰਕਾਰ ਤੋਂ ਪੀੜਤ ਪਰਿਵਾਰ ਦੀ ਮਦਦ ਮੰਗੀ ਹੈ।
ਸਮਾਲਸਰ (ਗੁਰਜੰਟ ਕਲਸੀ): ਆਰਥਿਕ ਤੰਗੀ ਕਾਰਨ ਸੇਖਾ ਖੁਰਦ ਦੇ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੇਖਾ ਖੁਰਦ ਵਾਸੀਆਂ ਨੇ ਦੱਸਿਆ ਕਿ ਗੁਰਸਿਮਰਨ ਸਿੰਘ (27) ਪੁੱਤਰ ਹਰਫੂਲ ਸਿੰਘ, ਕੋਟਕਪੂਰਾ ਵਿੱਚ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਸਿਮਰਨ ਸਿੰਘ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਜਦੋਂ ਉਹ ਘਰ ਵਿੱਚ ਇਕੱਲਾ ਸੀ ਤਾਂ ਉਸ ਨੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਲਿਆ।
ਉਸ ਦੀ ਪਤਨੀ ਜਣੇਪਾ ਕੱਟਣ ਲਈ ਪੇਕੇ ਗਈ ਹੋਈ ਸੀ। ਏਐੱਸਆਈ ਸਮਾਲਸਰ ਨੇ ਦੱਸਿਆ ਕਿ ਨੌਜਵਾਨ ਸਿਰ ਕਾਫ਼ੀ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਮ੍ਰਿਤਕ ਦੀ ਭੈਣ ਮਨਦੀਪ ਕੌਰ ਤੇ ਪਤਨੀ ਰਾਜਵੀਰ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਕੋਟੜਾ ਲੇਹਲ ਦੇ ਕਿਸਾਨ ਨੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਲਈ। ਕਿਸਾਨ ਹਰਪਾਲ ਸਿੰਘ (40) ਪੁੱਤਰ ਘੀਚਰ ਸਿੰਘ ਨੇ 21 ਮਈ ਨੂੰ ਆਰਥਿਕ ਕਾਰਨਾਂ ਕਾਰਨ ਕੋਈ ਜ਼ਹਿਰਲੀ ਚੀਜ਼ ਨਿਗਲ ਲਈ ਸੀ। ਉਹ ਉਦੋਂ ਤੋਂ ਹੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਿਸ ਨੇ ਅੱਜ ਦਮ ਤੋੜ ਦਿੱਤਾ। ਲਹਿਰਾਗਾਗਾ ਪੁਲੀਸ ਦੇ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਭਰਾ ਜਗਰੂਪ ਸਿੰਘ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਲਈ ਮੂਨਕ ਭੇਜ ਦਿੱਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਦੱਸਿਆ ਕਿ ਕਿਸਾਨ ਹਰਪਾਲ ਸਿੰਘ ਨੇ ਬੈਂਕ ਤੋਂ 4 ਲੱਖ ਦਾ ਕਰਜ਼ਾ ਲਿਆ ਸੀ, ਜੋ ਵਧ ਕੇ 5.45 ਲੱਖ ਹੋ ਗਿਆ। ਉਸ ਨੇ ਸਹਿਕਾਰੀ ਸਭਾ ਤੋਂ ਵੀ 40 ਹਜ਼ਾਰ ਰੁਪਏ ਲਏ ਸਨ ਤੇ ਆੜ੍ਹਤੀਏ ਤੋਂ ਕਰੀਬ 25,000 ਰੁਪਏ ਲਏ ਸਨ। ਕਰਜ਼ੇ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਆਗੂ ਧਰਮਿੰਦਰ ਸਿੰਘ ਪਸ਼ੌਰ ਨੇ ਮੰਗ ਕੀਤੀ ਕਿ ਸਰਕਾਰ ਪੀੜਤ ਪਰਿਵਾਰਾਂ ਨੂੰ ਫੌਰੀ ਸਹਾਇਤਾ ਦੇਵੇ।